ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਜੇ ਐਸ ਨਿੱਕੂਵਾਲ)-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਵਲੋਂ ਮੇਲੇ ਦੇ ਅਗਾਓ ਪ੍ਰਬੰਧਾਂ ਦੀ ਮੀਟਿੰਗ ਮੌਕੇ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਦੌਰਾਨ ਸੁਚਾਰੂ ਆਵਾਜਾਈ ਦੀ ਸਹੂਲਤ ਵੱਧ ਵਾਹਨਾਂ ਦੀ ਪਾਰਕਿੰਗ, ਸ਼ਟਲ ਬੱਸ ਸਰਵਿਸ, ਪੀਣ ਵਾਲਾ ਕਲੋਰੀਨੇਟਿਡ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਆਵਾਜਾਈ ਪ੍ਰਬੰਧਾ ਨੂੰ ਵਿਸੇਸ਼ ਤਰਜੀਹ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮੇਲਾ ਖੇਤਰ ਸ੍ਰੀ ਕੀਰਤਪੁਰ ਸਾਹਿਬ ਨੂੰ ਦੋ ਸੈਕਟਰਾਂ ਵਿਚ ਵੰਡਿਆ ਗਿਆ ਹੈ ਜਦੋ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ 11 ਸੈਕਟਰਾਂ ਬਣਾਏ ਗਏ ਹਨ, ਜਿੱਥੇ ਗਜਟਿਡ ਅਫਸਰ 24/7 ਤੈਨਾਤ ਰਹਿਣਗੇ | ਮੁੱਖ ਕੰਟੋਰਲ ਰੂਮ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਵੇਗਾ, ਸਿਹਤ ਸਹੂਲਤਾਂ ਲਈ ਆਰਜੀ ਡਿਸਪੈਂਸਰੀ ਤੇ ਪਸ਼ੂਆਂ ਲਈ ਡਿਸਪੈਂਸਰੀਆਂ ਬਣਾਈਆਂ ਜਾ ਰਹੀਆਂ ਹਨ, ਜਿੱਥੇ ਡਾਕਟਰ ਅਤੇ ਡਾਕਟਰੀ ਸਟਾਫ਼ ਤੈਨਾਤ ਹੋਵੇਗਾ | ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਦਾਖਲੇ ਤੇ ਬਣੇ ਸਵਾਗਤੀ ਗੇਟਾਂ ਨੂੰ ਸਿੰਗਾਰਿਆਂ ਜਾਵੇਗਾ ਅਤੇ ਸ਼ਹਿਰ ਵਿਚ ਸਜਾਵਟੀ ਰੋਸ਼ਨੀਆਂ ਲਗਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਮੇਲਾ ਖੇਤਰ ਵਿਚ ਐਲ.ਈ.ਡੀ ਸਕਰੀਨਾ ਲਗਾ ਕੇ ਤਿਉਹਾਰ ਸਬੰਧੀ ਜਾਣਕਾਰੀ ਤੇ ਸੂਚਨਾ ਉਪਲੱਬਧ ਕਰਵਾਈ ਜਾਵੇਗੀ ਅਤੇ ਸਹਾਇਤਾ ਡੈਸਕ ਵੀ ਸਥਾਪਿਤ ਹੋਣਗੇ | ਇਸ ਪ੍ਰਕਿਰਿਆ ਨੂੰ ਹੋਲਾ ਮਹੱਲਾ ਤੋ ਪਹਿਲਾ ਮੁਕੰਮਲ ਕੀਤਾ ਜਾਵੇਗਾ | ਬਦਲਵਾਂ ਰਸਤੇ ਰਾਹੀਂ ਸੁਚਾਰੂ ਆਵਾਜਾਈ ਵਿਵਸਥਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਨਿਗਰਾਨੀ ਬੁਰਜ ਲਗਾ ਕੇ ਸਮੁੱਚੇ ਮੇਲਾ ਖੇਤਰ ਤੇ ਨਜ਼ਰ ਰੱਖੀ ਜਾਵੇਗੀ, ਵਾਧੂ ਸੁਰੱਖਿਆ ਕਰਮਚਾਰੀ ਸਮੁੱਚੇ ਮੇਲਾ ਖੇਤਰ ਵਿਚ ਤੈਨਾਤ ਰਹਿਣਗੇ | ਇਸ ਤੋਂ ਇਲਾਵਾ ਸਮੁੱਚੇ ਮੇਲਾ ਖੇਤਰ ਤੇ ਸੀ.ਸੀ.ਟੀ.ਵੀ ਲਗਾ ਕੇ ਨਜ਼ਰ ਰੱਖੀ ਜਾਵੇਗੀ | ਉੱਚੀ ਆਵਾਜ ਵਿਚ ਲਾਊਡ ਸਪੀਕਰ ਵਜਾਉਣ, ਸਲੈਸਰ ਖੋਲ ਕੇ ਵਾਹਲ ਚਲਾਉਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਵਿਕੇਸ਼ ਗੁਪਤਾ, ਮੁੱਖ ਮੰਤਰੀ ਫੀਲਡ ਅਫ਼ਸਰ ਅਭਿਮੰਨਿਊ ਮਲਿਕ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਐੱਸ.ਪੀ. ਅਰਵਿੰਦ ਮੀਨਾ, ਐੱਸ.ਡੀ.ਐੱਮ ਜਸਪ੍ਰੀਤ ਸਿੰਘ, ਐੱਸ.ਡੀ.ਐੱਮ. ਬਲਜਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਗੁਰਦੇਵ ਸਿੰਘ ਧੰਮ, ਐਸ.ਡੀ.ਐਮ. ਸਚਿਨ ਪਾਠਕ, ਡੀ.ਐੱਸ.ਪੀ ਜਸ਼ਨਦੀਪ ਸਿੰਘ ਮਾਨ, ਡੀ.ਐੱਸ.ਪੀ. ਹਰਕੀਰਤ ਸਿੰਘ, ਡੀ.ਐੱਸ.ਪੀ. ਕੁਲਭੂਸ਼ਨ ਸ਼ਰਮਾ, ਜ਼ਿਲ੍ਹਾ ਮਾਲ ਅਫ਼ਸਰ ਬਾਦਲਦੀਨ, ਸਿਵਲ ਸਰਜਨ ਡਾ. ਨਵਰੂਪ ਕੌਰ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ, ਐਕਸੀਅਨ ਜਲ ਸਪਲਾਈ ਹਰਜੀਤਪਾਲ ਸਿੰਘ, ਐਕਸੀਅਨ ਸੈਰ ਸਪਾਟਾ ਸੁਰਿੰਦਰਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਬੌਬੀ ਗੁਲਾਟੀ, ਥਾਣਾ ਮੁਖੀ ਦਾਨਿਸ਼ਵੀਰ ਸਿੰਘ, ਬੀ. ਡੀ. ਪੀ. ਓ. ਇਸ਼ਾਨ ਚੌਧਰੀ, ਕਾਰਜ ਸਾਧਕ ਅਫਸਰ ਗੁਰਦੀਪ ਸਿੰਘ, ਮੈਨੇਜਰ ਮਾਰਕਫੈੱਡ ਨਾਵਿਤਾ ਰਾਣੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |