ਸ੍ਰੀ ਚਮਕੌਰ ਸਾਹਿਬ, 6 ਮਾਰਚ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਚੂਹੜਮਾਜਰਾ ਵਿਖੇ ਪਿਛਲੀ ਰਾਤ ਕਰੀਬ ਅੱਧੀ ਦਰਜਨ ਮੋਟਰਾਂ ਤੋਂ ਕੇਬਲਾਂ, ਗਰਿੱਪ, ਸਟਾਰਟਰ ਅਤੇ ਹੋਰ ਸਮਾਨ ਚੋਰੀ ਹੋ ਗਿਆ | ਸ਼ੇਰ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਚੂਹੜਮਾਜਰਾ ਨੇ ਦੱਸਿਆ ਕਿ ਉਹ ਬਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੀ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਹੈ | ਬੀਤੀ ਰਾਤ ਚੋਰਾਂ ਨੇ ਉਸ ਦੀ ਮੋਟ ਸਮੇਤ ਅੱਧੀ ਦਰਜਨ ਤੋਂ ਉੱਪਰ ਕਿਸਾਨਾਂ ਦੀਆਂ ਮੋਟਰਾਂ ਤੋਂ ਸਮਾਨ ਚੋਰੀ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਵੀ ਚੂਹੜਮਾਜਰਾ, ਸੈਦਪੁਰ ਸਮੇਤ ਕਈ ਹੋਰ ਪਿੰਡਾਂ ਵਿਚ 25-30 ਮੋਟਰਾਂ ਦੇ ਸਮਾਨ ਚੋਰੀ ਹੋਇਆ ਸੀ, ਕਿਸਾਨ ਅਜੇ ਉਸ ਤੋਂ ਤਾਬ ਨਹੀਂ ਆਏ ਬੀਤੀ ਰਾਤ ਮੁੜ ਕਿਸਾਨਾਂ ਦਾ ਨੁਕਸਾਨ ਹੋ ਗਿਆ | ਕਿਸਾਨ ਯੂਨੀਅਨ ਸ਼ੇਰ ਏ ਪੰਜਾਬ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਅਤੇ ਹੋਰ ਆਗੂਆਂ ਨੇ ਕਿਹਾ ਕਿ ਬਦਹਾਲੀ 'ਚ ਪਹਿਲਾਂ ਤੋਂ ਹੀ ਚੱਲ ਰਿਹਾ ਕਿਸਾਨ ਹੁਣ ਅਜਿਹੀਆਂ ਘਟਨਾਵਾਂ ਕਾਰਨ ਹੋਰ ਪ੍ਰੇਸ਼ਾਨ ਹੈ | ਉਨ੍ਹਾਂ ਸਰਕਾਰ/ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਅਨਸਰਾਂ ਨੂੰ ਕਾਬੂ ਕਰਕੇ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਏ |