ਰੂਪਨਗਰ, 6 ਮਾਰਚ (ਸਤਨਾਮ ਸਿੰਘ ਸੱਤੀ)-ਅਮਰੀਕਾ ਅਤੇ ਇਸਰਾਈਲ ਵਲੋਂ ਇਰਾਨ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿਚ ਕਿਰਤੀ ਕਿਸਾਨ ਮੋਰਚਾ, ਪੰਜਾਬ ਸਟੂਡੈਂਟਸ ਯੂਨੀਅਨ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਮੁਸਲਿਮ ਭਾਈਚਾਰੇ ਵਲੋਂ ਰੋਪੜ ਸ਼ਹਿਰ ਵਿਚ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਾਮਾ ਮਸਜਿਦ ਰੋਪੜ ਦੇ ਇਮਾਮ ਅਜ਼ਹਰ ਹਸਨ, ਕਿਰਤੀ ਕਿਸਾਨ ਮੋਰਚਾ ਦੇ ਆਗੂ ਵੀਰ ਸਿੰਘ ਬੜਵਾ ਅਤੇ ਪੀ.ਐੱਸ.ਯੂ. ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਕੁਰੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਵਲੋਂ ਇਰਾਨ ਉੱਤੇ ਨਿਊਕਲੀਅਰ ਹਥਿਆਰ ਬਣਾਉਣ ਦੇ ਦੋਸ਼ ਲਗਾ ਕੇ ਹਮਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਹਮਲੇ ਮੱਧ ਏਸ਼ੀਆ ਵਿਚ ਆਪਣਾ ਪ੍ਰਭਾਵ ਕਾਇਮ ਕਰਨ ਅਤੇ ਇਰਾਨ ਦੇ ਤੇਲ-ਗੈਸ ਭੰਡਾਰਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹਨ | ਮਲਾਗਰ ਸਿੰਘ ਖਮਾਣੋਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਮਰੀਕੀ ਹਮਲੇ ਦਾ ਖੁੱਲ੍ਹਾ ਵਿਰੋਧ ਕਰਨ ਦੀ ਬਜਾਇ ਚੁੱਪ ਸਹਿਮਤੀ ਦਿੱਤੀ ਹੈ | ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਨੂੰ ਤੁਰੰਤ ਹਮਲੇ ਬੰਦ ਕਰਕੇ ਜੰਗਬੰਦੀ ਕਰਨ ਦੀ ਮੰਗ ਕੀਤੀ | ਇਸ ਮੌਕੇ ਮਨਪ੍ਰੀਤ ਕੌਰ ਮਨਸਾਲੀ, ਹਰਮਨ ਸਿੰਘ ਖਾਨਪੁਰ, ਸ਼ਮੀਰ ਮੁਹੰਮਦ, ਰਾਜਵੀਰ ਸਿੰਘ, ਕਰਮਦੀਨ, ਸ਼ਾਦਾਬ, ਜਰਨੈਲ ਸਿੰਘ ਮਗਰੋੜ, ਮੇਜਰ ਸਿੰਘ ਅਸਮਾਨਪੁਰ, ਅਵਤਾਰ ਸਿੰਘ ਅਸਾਲਤਪੁਰ ਅਤੇ ਅਵਤਾਰ ਸਿੰਘ ਬੜਵਾ ਆਦਿ ਵੀ ਮੌਜੂਦ ਸਨ |