ਨੂਰਪੁਰ ਬੇਦੀ, 3 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸ ਸੰਪਰਦਾਇ) ਦੀ ਪਿੰਡ ਟਿੱਬਾ ਨੰਗਲ ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆਂ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਕ ਰੋਜ਼ਾ ਮਹੀਨਾਵਾਰ ਸੰਤ ਸਮਾਗਮ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸ਼ਰਧਾਪੂਰਵਕ ਸਮਾਪਤ ਹੋ ਗਿਆ | ਸਮਾਗਮ ਮੌਕੇ 'ਤੇ ਵੇਦਾਂਤ ਅਚਾਰੀਆਂ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਜਗਤ ਗੁਰੂ ਅਚਾਰੀਆਂ ਬਾਬਾ ਗ਼ਰੀਬਦਾਸ ਜੀ ਦੀ ਅੰਮਿ੍ਤਮਈਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਇਸ ਮੌਕੇ 'ਤੇ ਜੁੜੀਆਂ ਸੰਗਤਾਂ ਦੇ ਸਨਮੁੱਖ ਹੁੰਦਿਆਂ ਅਨਮੋਲ ਪ੍ਰਵਚਨਾਂ ਦੁਆਰਾ ਸਤਿਸੰਗ ਉਪਦੇਸ਼ ਕਰਦਿਆਂ ਵੇਦਾਂਤ ਅਚਾਰੀਆਂ ਜੀ ਨੇ ਕਿਹਾ ਕਿ ਕਲਯੁਗ ਦਾ ਜੀਵ ਮਨ ਦੇ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਦੇ ਜਾਲ 'ਚ ਫਸ ਕੇ ਪ੍ਰਮਾਤਮਾ ਦੀ ਬੰਦਗੀ ਤੋਂ ਦੂਰ ਹੋ ਕੇ ਗ੍ਰਹਿਸਥ ਜੀਵਨ 'ਚ ਕਸ਼ਟ ਭੋਗ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਜੀਵ ਦੇ ਮਨ ਦੇ ਵਿਸ਼ੇ ਵਿਕਾਰ ਸ਼ੁੱਧ ਹੋਣ ਤਦ ਹੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ | ਅਚਾਰੀਆਂ ਜੀ ਨੇ ਕਿਹਾ ਕਿ ਜੀਵਨ ਅਨਮੋਲ ਹੈਂ, ਇਸ ਦਾ ਸਦਉਪਯੋਗ ਕਰਦਿਆਂ ਜੀਵ ਨੂੰ ਹਰ ਪਲ ਪ੍ਰਭੂ ਦੇ ਸਿਮਰਨ ਤੇ ਨਾਮ ਸ਼ਬਦ ਦੀ ਕਮਾਈ ਦੇ ਨਾਲੋਂ ਨਾਲ ਨਿਰਸਵਾਰਥ ਸੇਵਾ ਕਰਨੀ ਚਾਹੀਦੀ ਹੈ | ਅਚਾਰੀਆ ਜੀ ਨੇ ਕਿਹਾ ਕਿ ਮਾੜੇ ਕਰਮਾਂ ਤੋਂ ਦੂਰ ਰਹਿ ਕੇ ਹਰ ਜੀਵ ਨੂੰ ਸਮਾਜ ਦੇ ਭਲੇ ਹਿਤ ਕਾਰਜ ਕਰਨੇ ਚਾਹੀਦੇ ਹਨ | ਇਸ ਮੌਕੇ ਸਾਬਕਾ ਸਰਪੰਚ ਸੁਰਿੰਦਰ ਕੁਮਾਰ ਟਿੱਬਾ ਨੰਗਲ, ਸੁਰਿੰਦਰ ਪਾਲ ਸ਼ਿੰਦੀ, ਕੈਪਟਨ ਗੁਰਚਰਨ ਦਾਸ, ਪ੍ਰੇਮ ਚੰਦ ਚੇਚੀ, ਰੋਸ਼ਨਲਾਲ ਧੰਮੀ, ਬਲਵਿੰਦਰ ਸਿੰਘ ਬਿੱਲਾ, ਕੈਪਟਨ ਰਾਜਿੰਦਰ ਪਾਲ, ਅਸ਼ੋਕ ਚੌਹਾਨ, ਹਰਮੇਸ਼ ਚੰਦ, ਮਾਸਟਰ ਬਖ਼ਸ਼ੀਸ਼ ਰਾਮ, ਕਮਲਜੀਤ ਰੂੜੇਵਾਲ, ਸ਼ਾਮ ਕਰਤਾਰਪੁਰ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |