ਰੂਪਨਗਰ, 3 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਵਲੋਂ 15ਵੀਂ ਸਾਲਾਨਾ ਸਪੋਰਟਸ ਮੀਟ 2026 ਬਹੁਤ ਹੀ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਕਰਵਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੌਕੇ ਯੂਨੀਵਰਸਿਟੀ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਚੈਂਪੀਅਨਸ਼ਿਪ ਜਿੱਤੀ | ਸਮਾਰੋਹ ਵਿਚ ਰਿਆਤ ਬਾਹਰਾ ਗਰੁੱਪ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ, ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਰਜਿਸਟਰਾਰ ਐਨ. ਕੇ. ਯਾਦਵ ਮੁੱਖ ਤੌਰ 'ਤੇ ਸ਼ਾਮਿਲ ਹੋਏ | ਖੇਡ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | 100 ਮੀਟਰ ਦੌੜ ਵਿਚ ਮੀਸੁਮ ਅਲੀ ਅਤੇ ਨਿਕਿਤਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸ਼ਾਟ-ਪੁੱਟ ਵਿਚ ਜਸ਼ਨਪ੍ਰੀਤ ਅਤੇ ਕਸ਼ਿਸ਼ ਰਾਣਾ ਜੇਤੂ ਰਹੇ | ਲੰਬੀ ਛਾਲ ਵਿਚ ਸੰਨੀ ਅਤੇ ਸਯੰਤਨੀ ਨੇ ਵਧੀਆ ਪ੍ਰਦਰਸ਼ਨ ਕੀਤਾ | ਟੀਮ ਮੁਕਾਬਲਿਆਂ ਵਿਚ ਸਪੋਰਟਸ ਕਲੱਬ ਨੇ ਬਾਸਕਟਬਾਲ ਵਿਚ ਜਿੱਤ ਦਰਜ ਕੀਤੀ, ਜਦਕਿ ਰੱਸਾਕਸ਼ੀ ਵਿਚ ਸਿਵਲ ਵਿਭਾਗ (ਮੁੰਡੇ) ਅਤੇ ਯੂ.ਐਸ.ਪੀ.ਐਸ. (ਕੁੜੀਆਂ) ਨੇ ਸਿਖਰਲੇ ਸਨਮਾਨ ਪ੍ਰਾਪਤ ਕੀਤੇ | ਇਸ ਮੌਕੇ ਬੀ.ਐਸ. ਬੈਂਸ, ਡਾ. ਕਰਮਵੀਰ ਸਿੰਘ ਅੱਤਰੀ, ਕੁਲਬੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ | ਇਹ ਖੇਡ ਮੇਲਾ ਵਿਦਿਆਰਥੀਆਂ ਵਿਚ ਟੀਮ ਵਰਕ, ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੋਇਆ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ |