ਕਾਹਨਪੁਰ ਖੂਹੀ, 9 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-ਗੜ੍ਹਸ਼ੰਕਰ ਸ਼ਹਿਰ ਦੇ ਟਰੈਫ਼ਿਕ ਨੂੰ ਘਟਾਉਣ ਲਈ ਬਿਸਤ ਦੁਆਬ ਨਹਿਰ ਦੇ ਕੰਢੇ ਸੰਗਤਾਂ ਵਲੋਂ ਬਣਾਇਆ ਗਿਆ ਅਸਥਾਈ ਬਾਈਪਾਸ ਹੁਣ ਵਿਵਾਦਾਂ 'ਚ ਘਿਰ ਗਿਆ ਹੈ | ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸੇਵਾਦਾਰਾਂ ਵਲੋਂ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਹੋਲਾ ਮਹੱਲਾ ਦੇ ਦਿਨਾਂ ਵਿਚ ਤਿਆਰ ਕੀਤੇ ਗਏ ਇਸ ਰਸਤੇ ਨੇ ਸ਼ਹਿਰ ਦੇ ਜਾਮ ਨੂੰ ਕਾਫ਼ੀ ਹੱਦ ਤੱਕ ਖ਼ਤਮ ਕਰ ਦਿੱਤਾ ਸੀ, ਪਰ ਹਾਲ ਹੀ ਵਿਚ ਭਾਰਤੀ ਰੇਲਵੇ ਵਿਭਾਗ ਵਲੋਂ ਇਸ ਰਸਤੇ 'ਤੇ ਦੋਵੇਂ ਪਾਸੇ ਪੱਕੀਆਂ ਰੋਕਾਂ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਜੇਸੀਬੀ ਨਾਲ ਦੋਵੇਂ ਪਾਸਿਆਂ ਡਰੇਨ ਨੂੰ ਖ਼ੁਦਾਈ ਕਰਕੇ ਖ਼ਰਾਬ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਇਸ ਕਾਰਵਾਈ ਨੂੰ Tਨਾਦਰਸ਼ਾਹੀ ਫ਼ਰਮਾਨU ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਨਜ਼ਰਅੰਦਾਜ਼ ਕਰਕੇ ਲਿਆ ਗਿਆ ਇਹ ਫ਼ੈਸਲਾ ਬਿਲਕੁਲ ਗ਼ਲਤ ਹੈ | ਰਾਣਾ ਨੇ ਕਿਹਾ ਕਿ ਛੋਟੇ-ਛੋਟੇ ਮੁੱਦਿਆਂ 'ਤੇ ਇਕ-ਦੂਜੇ ਨੂੰ ਘੇਰਨ ਵਾਲੇ ਸਿਆਸਤਦਾਨ ਹੁਣ ਇਸ ਗੰਭੀਰ ਮਸਲੇ 'ਤੇ ਚੁੱਪ ਕਿਉਂ ਹਨ | ਉਨ੍ਹਾਂ ਨੇ ਖ਼ਾਸ ਤੌਰ 'ਤੇ ਗੜ੍ਹਸ਼ੰਕਰ ਨਾਲ ਸੰਬੰਧਿਤ ਭਾਜਪਾ ਆਗੂ ਨਿਮਸ਼ਾ ਮਹਿਤਾ ਅਤੇ ਸੀਨੀਅਰ ਲੀਡਰ ਅਵਿਨਾਸ਼ ਰਾਏ ਖੰਨਾ ਸਮੇਤ ਪੂਰੀ ਭਾਜਪਾ ਲੀਡਰਸ਼ਿਪ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ | ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਕਿ ਜੇ ਇੱਥੇ ਰੇਲ ਆਵਾਜਾਈ ਮੁੜ ਸ਼ੁਰੂ ਹੋਣੀ ਹੈ ਤਾਂ ਲੋਕਾਂ ਦੀ ਸਹੂਲਤ ਲਈ ਤੁਰੰਤ ਰੇਲਵੇ ਫਾਟਕ ਲਗਾਇਆ ਜਾਵੇ, ਨਾ ਕਿ ਪੱਕੀਆਂ ਰੋਕਾਂ ਲਗਾ ਕੇ ਰਸਤਾ ਬੰਦ ਕੀਤਾ ਜਾਵੇ | ਰਾਣਾ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਇਸ ਲਾਈਨ 'ਤੇ ਕੋਈ ਰੇਲ ਗੱਡੀ ਨਹੀਂ ਚੱਲੀ ਅਤੇ ਹੁਣ ਹਾਲ ਹੀ ਵਿਚ ਇਲੈਕਟਿ੍ਕ ਟਰੇਨ ਲਈ ਟਰਾਇਲ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ 13 ਅਪ੍ਰੈਲ ਨੂੰ ਆ ਰਹੀ ਵਿਸਾਖੀ ਤੋਂ ਪਹਿਲਾਂ ਇਸ ਮਸਲੇ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਸੰਗਤ ਕਾਰ ਸੇਵਾ ਰਾਹੀਂ ਖ਼ੁਦ ਮੈਦਾਨ ਵਿਚ ਉੱਤਰੇਗੀ | ਇਸਦੇ ਨਾਲ ਹੀ ਗੜ੍ਹਸ਼ੰਕਰ ਤੋਂ ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੂੰ ਵੀ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ |