ਰੂਪਨਗਰ, 9 ਅਪ੍ਰੈਲ (ਸਤਨਾਮ ਸਿੰਘ ਸੱਤੀ)-ਭਾਰਤ-ਤਿੱਬਤ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਤਿੱਬਤੀ ਕੌਮ ਦੇ ਅਧਿਕਾਰਾਂ ਦੇ ਹੱਕ ਵਿਚ ਧਰਮਸ਼ਾਲਾ ਤੋਂ ਦਿੱਲੀ ਤੱਕ ਕੱਢੇ ਜਾ ਰਹੇ ''ਬਲੈਕ ਹੈਟ ਮਾਰਚ'' ਨੂੰ ਰੂਪਨਗਰ ਵਿਚ ਭਰਵਾਂ ਸਮਰਥਨ ਮਿਲਿਆ | ਇਸ ਮਾਰਚ ਵਿਚ ਵੱਡੀ ਗਿਣਤੀ ਵਿਚ ਤਿੱਬਤੀ ਭਰਾਵਾਂ ਅਤੇ ਭੈਣਾਂ ਨੇ ਹਿੱਸਾ ਲੈ ਕੇ ਆਪਣੀ ਪਹਿਚਾਣ, ਸਭਿਆਚਾਰ ਅਤੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਭਾਜਪਾ ਦੇ ਕੌਮੀ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਮਾਰਚ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਹਮੇਸ਼ਾਂ ਤਿਬੱਤੀ ਕੌਮ ਦੇ ਨਾਲ ਖੜਾ ਰਿਹਾ ਹੈ ਅਤੇ ਅੱਗੇ ਵੀ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਮਰਥਨ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਇਹ ਸ਼ਾਂਤਮਈ ਅੰਦੋਲਨ ਲੋਕਤੰਤਰਕ ਮੁੱਲਾਂ ਦਾ ਪ੍ਰਤੀਕ ਹੈ ਅਤੇ ਵਿਸ਼ਵ ਪੱਧਰ 'ਤੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਂਦਾ ਹੈ | ਇਸ ਮੌਕੇ ਜਗਦੀਸ਼ ਚੰਦਰ ਕਾਜਲਾ, ਹਿੰਮਤ ਸਿੰਘ ਗਿਰਨ, ਨਿਕਸਨ ਕੁਮਾਰ, ਸੰਦੀਪ ਕੁਮਾਰ ਅਤੇ ਰਾਜੇਸ਼ ਨਿਜਾਵਨ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ | ਸਾਰੇ ਆਗੂਆਂ ਨੇ ਇਕ ਸੁਰ ਵਿਚ ਤਿੱਬਤੀ ਕੌਮ ਦੇ ਸੰਘਰਸ਼ ਦਾ ਸਮਰਥਨ ਕੀਤਾ | ਮਾਰਚ ਦੌਰਾਨ ਭਾਗੀਦਾਰਾਂ ਨੇ ਤਿੱਬਤ ਵਿਚ ਹੋ ਰਹੇ ਕਥਿਤ ਸਭਿਆਚਾਰਕ ਦਬਾਅ ਅਤੇ ਵਾਤਾਵਰਣੀ ਸ਼ੋਸ਼ਣ ਖ਼ਿਲਾਫ਼ ਆਪਣੀ ਚਿੰਤਾ ਜਤਾਈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤਿਬੱਤੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਦਮ ਚੁੱਕਣ ਦੀ ਅਪੀਲ ਕੀਤੀ | ਮਾਰਚ ਦੌਰਾਨ ''ਭਾਰਤ-ਤਿੱਬਤ ਸੰਬੰਧ ਜ਼ਿੰਦਾਬਾਦ'' ਦੇ ਨਾਰੇ ਗੂੰਜੇ ਅਤੇ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ |