ਚੱਲਦੇ ਸਮਾਗਮ 'ਚ ਉਸ ਵੇਲੇ ਕਾਂਗਰਸੀ ਆਗੂ ਅਸ਼ੋਕ ਸੈਣੀ ਵਲੋਂ ਲਈ ਸਿਆਸੀ ਚੁਸਕੀ ਮਗਰੋਂ ਸਿਆਸੀ ਸਿੱਠਣੀਆਂ ਦਾ ਦੌਰ ਸਟੇਜ ਤੋਂ ਹੀ ਸ਼ੁਰੂ ਹੋ ਗਿਆ | ਜਦੋਂ ਭਾਜਪਾ ਕੌਂਸਲਰ ਰਾਜੇਸ਼ ਚੌਧਰੀ ਵਲੋਂ ਆਪਣੇ ਸੰਬੋਧਨ 'ਚ ਅਨੇਕਾਂ ਵਾਰ ਭਾਜਪਾ ਦਾ ਜ਼ਿਕਰ ਕਰ ਦਿੱਤਾ ਤਾਂ ਸੀਨੀਅਰ ਕਾਂਗਰਸੀ ਸੈਣੀ ਨੇ ਮਾਇਕ ਤੋਂ ਆਖਿਆ ਕਿ ਚੌਧਰੀ ਮੇਰਾ ਛੋਟਾ ਵੀਰ ਹੈ ਅਤੇ ਇਨ੍ਹਾਂ ਨੇ ਰਾਜਨੀਤੀ ਕਾਂਗਰਸ ਪਾਰਟੀ ਤੋਂ ਸ਼ੁਰੂ ਕੀਤੀ ਅਤੇ ਲੰਬਾ ਸਮਾਂ ਇਨ੍ਹਾਂ ਦੇ ਪਿਤਾ ਜੀ ਸਵ. ਲਾਲਾ ਬੀਰਬਲ ਚੌਧਰੀ ਬਲਾਕ ਕਾਂਗਰਸ ਨੰਗਲ ਦੇ ਪ੍ਰਧਾਨ ਵੀ ਰਹੇ | ਮੁੜ ਰਾਜੇਸ਼ ਚੌਧਰੀ ਨੇ ਆਪਣੀ ਸਫ਼ਾਈ ਪੇਸ਼ ਕਰਦਿਆਂ ਆਖਿਆ ਕਿ ਕੋਈ ਸ਼ੱਕ ਨਹੀਂ ਮੈਂ ਤਾਂ ਕਾਂਗਰਸ ਪਾਰਟੀ ਦੀ ਧੀ ਸੀ ਪਰ ਸਿਆਸੀ ਤੌਰ 'ਤੇ ਸਿਆਣੀ ਧੀ ਉਹੀ ਹੁੰਦੀ ਜੋ ਸਹੁਰਿਆਂ ਦੇ ਘਰੇ ਭਾਵ ਭਾਜਪਾ 'ਚ ਜਾ ਕੇ ਉਨ੍ਹਾਂ ਦੀ ਹੀ ਖ਼ੈਰ ਸੁੱਖ ਮੰਗੇ | ਚੌਧਰੀ ਨੇ ਆਪਣਾ ਸਿਆਸੀ ਦੁਖੜਾ ਸੁਣਾਉਂਦਿਆਂ ਆਖਿਆ ਕਿ ਜਦੋਂ ਪੇਕਿਆਂ ਦੇ ਘਰ ਸੀ ਤਾਂ ਮੈਨੂੰ ਵੱਡੇ ਲੀਡਰਾਂ ਨੇ ਨਹੀਂ ਝੱਲਿਆ ਤਾਂ ਫਿਰ ਭਾਜਪਾ 'ਚ ਸ਼ਾਮਿਲ ਹੋਇਆ ਪਰ ਕਿ ਉੱਥੇ ਹੀ ਵੱਡੇ ਲੀਡਰਾਂ ਨੇ ਫਿਰ ਮੈਨੂੰ ਨਹੀਂ ਝੱਲਿਆ | ਤਾਂ ਫਿਰ ਕਾਂਗਰਸੀ ਕੌਂਸਲਰਾਂ ਦੇ ਪ੍ਰਵਕਤਾ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਮਾਇਕ 'ਤੇ ਆ ਕੇ ਆਖਿਆ ਕਿ ਚੌਧਰੀ ਸਾਹਿਬ ਬੇਸ਼ੱਕ ਧੀ ਕਾਂਗਰਸ ਦੀ ਸਨ ਪਰ ਇਨ੍ਹਾਂ ਨੇ ਸਿਆਸੀ ਮਾਪਿਆਂ ਦੀ ਮਰਜ਼ੀ ਤੋਂ ਉਲਟ ਭਾਜਪਾ ਵਾਲਿਆਂ ਨਾਲ ਰਾਜਨੀਤਿਕ ਲਵ ਮੈਰਿਜ ਕਰਵਾਈ ਹੋਈ ਹੈ |