ਰੂਪਨਗਰ, 10 ਅਪ੍ਰੈਲ (ਸਤਨਾਮ ਸਿੰਘ ਸੱਤੀ)-ਭਾਰਤੀਯ ਯੋਗ ਸੰਸਥਾਨ (ਰਜਿ.) ਦੀ ਜ਼ਿਲ੍ਹਾ ਇਕਾਈ ਰੂਪਨਗਰ ਵਲੋਂ ਗਿਆਨੀ ਜੈਲ ਸਿੰਘ ਨਗਰ ਦੇ ਮੁੱਖ ਪਾਰਕ ਵਿਚ ਚੱਲ ਰਹੀ ਯੋਗ ਕਲਾਸ ਵਲੋਂ ਅੱਜ ਸੰਸਥਾਨ ਦਾ 60ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਇਕਾਈ ਦੇ ਸਕੱਤਰ ਰਾਜਿੰਦਰ ਸੈਣੀ ਨੇ ਸਾਧਕਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਭਾਰਤ ਦੀ ਪ੍ਰਾਚੀਨ ਵਿਦਿਆ ਯੋਗ ਦੇ ਪ੍ਰਚਾਰ-ਪ੍ਰਸਾਰ ਲਈ ਸਵਰਗੀ ਪ੍ਰਕਾਸ਼ ਲਾਲ ਜੀ ਵਲੋਂ 10 ਅਪ੍ਰੈਲ 1967 ਨੂੰ ਰੋਹਣੀ (ਦਿੱਲੀ) ਵਿਚ ਯੋਗ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ | ਅੱਜ ਦੇਸ਼-ਵਿਦੇਸ਼ ਵਿਚ 4000 ਤੋਂ ਵੱਧ ਕੇਂਦਰਾਂ ਰਾਹੀਂ ਹਜ਼ਾਰਾਂ ਲੋਕ ਯੋਗ ਅਪਣਾ ਕੇ ਸਿਹਤਮੰਦ ਜੀਵਨ ਬਤੀਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਯੋਗ ਸਿਹਤਮੰਦ ਜੀਵਨ ਦਾ ਸਰਲ ਤੇ ਪ੍ਰਭਾਵਸ਼ਾਲੀ ਮਾਰਗ ਹੈ | ਯੋਗ ਅਭਿਆਸ ਰਾਹੀਂ ਅਸੀਂ ਆਪਣੇ ਸਰੀਰ ਦੀ ਸ਼ਕਤੀ ਨੂੰ ਜਾਗਰੂਕ ਕਰਕੇ ਕਈ ਰੋਗਾਂ ਦਾ ਬਿਨਾਂ ਦਵਾਈ ਇਲਾਜ ਕਰ ਸਕਦੇ ਹਾਂ | ਸ੍ਰੀ ਸੈਣੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਕੁਸਮ ਸ਼ਰਮਾ ਦੀ ਅਗਵਾਈ ਹੇਠ ਰੂਪਨਗਰ ਵਿਚ ਵੱਖ-ਵੱਖ ਥਾਵਾਂ 'ਤੇ ਹਰ ਰੋਜ਼ ਸਵੇਰੇ ਅਤੇ ਸ਼ਾਮ ਮੁਫ਼ਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ | ਇਸ ਮੌਕੇ ਮੈਂਬਰਾਂ ਵਲੋਂ ਯੋਗ ਦੇ ਲਾਭਾਂ ਬਾਰੇ ਆਪਣੇ ਅਨੁਭਵ ਵੀ ਸਾਂਝੇ ਕੀਤੇ ਗਏ | ਸਮਾਗਮ ਵਿਚ ਸ੍ਰੀ ਕੇ. ਐਲ. ਕਪੂਰ, ਜਗਦੇਵ ਸਿੰਘ, ਡੀ. ਕੇ. ਸ਼ਰਮਾ, ਗੁਰਮੱਖ ਸਿੰਘ, ਰਾਜਿੰਦਰ ਕੌਰ ਬਿੰਦਰਾ, ਤਰਵਿੰਦਰ ਕੌਰ ਬਿੰਦਰਾ, ਸੁੱਖਪ੍ਰੀਤ ਕੌਰ ਆਦਿ ਹਾਜ਼ਰ ਸਨ |