ਰੂਪਨਗਰ, 16 ਅਪ੍ਰੈਲ (ਸਤਨਾਮ ਸਿੰਘ ਸੱਤੀ) ਸ਼ਹਿਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਖੇਤਰ ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਕ) ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕਨਿਆ) ਦੀ ਇਕ ਅਧਿਆਪਿਕਾ ਨਾਲ ਦਿਨ ਦਿਹਾੜੇ ਪਰਸ ਝਪਟਣ ਦੀ ਘਟਨਾ ਸਾਹਮਣੇ ਆਈ ਹੈ | ਪੀੜਤ ਅਧਿਆਪਿਕਾ ਮੀਨਾ ਕੁਮਾਰੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਤੋਂ ਛੁੱਟੀ ਉਪਰੰਤ ਘਰ ਲਈ ਜਾ ਰਹੀ ਸੀ | ਇਸ ਦੌਰਾਨ ਪਿੱਛੋਂ ਸਕੂਟੀ 'ਤੇ ਆਏ ਦੋ ਨੌਜਵਾਨਾਂ ਨੇ ਅਚਾਨਕ ਉਸਦਾ ਪਰਸ ਝਪਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ | ਉਨ੍ਹਾਂ ਮੁਤਾਬਿਕ ਪਰਸ 'ਚ ਨਕਦੀ ਤੋਂ ਇਲਾਵਾ ਪਹਿਚਾਣ ਪੱਤਰ ਅਤੇ ਹੋਰ ਜ਼ਰੂਰੀ ਦਸਤਾਵੇਜ਼ ਮੌਜੂਦ ਸਨ | ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲਾ ਦਰਜ ਕਰ ਲਿਆ ਗਿਆ | ਹਾਲਾਂਕਿ ਕੁਝ ਸਮੇਂ ਤੋਂ ਅਜਿਹੀਆਂ ਵਾਰਦਾਤਾਂ ਬੰਦ ਸਨ, ਪਰ ਅੱਜ ਕਾਫੀ ਸਮੇਂ ਬਾਅਦ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ | ਪੁਲਿਸ ਵਲੋਂ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |