ਸ੍ਰੀ ਚਮਕੌਰ ਸਾਹਿਬ,16 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਬ ਡਵੀਜਨਲ ਹਸਪਤਾਲ ਵਿਚ ਅੱਜ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਚਮਕੌਰ ਸਾਹਿਬ ਨੇ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਆਸ਼ਾ ਵਰਕਰਾਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਖੇਤਰ ਵਿਚ ਹਰ ਗਰਭਵਤੀ ਮਹਿਲਾ ਦੀ ਸਮੇਂ-ਸਿਰ ਰਜਿਸਟ੍ਰੇਸ਼ਨ ਯਕੀਨੀ ਬਣਾਏ ਜਾਣ | ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਦੀ ਸ਼ੁਰੂਆਤੀ ਰਜਿਸਟ੍ਰੇਸ਼ਨ ਨਾਲ ਮਾਤਾ ਅਤੇ ਬੱਚੇ ਦੀ ਸਿਹਤ ਦੀ ਸਹੀ ਨਿਗਰਾਨੀ ਹੋ ਸਕਦੀ ਹੈ ਅਤੇ ਜ਼ਰੂਰੀ ਟੀਕਾਕਰਨ ਅਤੇ ਜਾਂਚ ਸਮੇਂ ਸਿਰ ਮੁਹੱਈਆ ਕਰਵਾਈ ਜਾ ਸਕਦੀ ਹੈ | ਉਨ੍ਹਾਂ ਨੇ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਰ ਦੀਆਂ ਸਾਰੀਆਂ ਗਰਭਵਤੀ ਮਹਿਲਾਵਾਂ ਨੂੰ ਐਨਟੀਨੇਟਲ ਚੈਕਅਪ ਲਈ ਸਬ ਡਿਵੀਜ਼ਨਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਭੇਜਣਾ ਯਕੀਨੀ ਬਣਾਉਣ | ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਜਾਂਚ ਕੀਤੀ ਜਾਂਦੀ ਹੈ, ਜੋ ਮਾਤਾ ਅਤੇ ਬੱਚੇ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹਨ | ਮੀਟਿੰਗ ਦੌਰਾਨ ਬੀ.ਈ.ਈ. ਹਰਵਿੰਦਰ ਸਿੰਘ 14 ਤੋਂ 15 ਸਾਲ ਵਿਚਕਾਰ ਲੜਕੀਆਂ ਦੀ ਐਚ.ਪੀ.ਵੀ ਟੀਕਾਕਰਨ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਕਿਹਾ | ਇਸ ਤੋਂ ਇਲਾਵਾ, ਉਨ੍ਹਾਂ ਨੇ ਆਸ਼ਾ ਵਰਕਰਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਯੋਗ ਵਿਅਕਤੀ ਦੇ ਕਾਰਡ ਬਣਾਉਣ ਲਈ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ | ਇਸ ਮੌਕੇ ਆਸ਼ਾ ਵਰਕਰਾਂ ਨੂੰ ਮਲੇਰੀਆ ਅਤ ਡੇੇਂਗੂ ਦੀ ਰੋਕਥਾਮ ਵਿਚ ਵੀ ਭੂਮਿਕਾ ਅਦਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਨਾਗਰ ਸਿੰਘ ਸੁਪਰਵਾਈਜਰ, ਆਸ਼ਾ ਫੈਸਿਲੀਟੇਟਰ ਦਲਜੀਤ ਕੌਰ, ਸਰਬਜੀਤ ਕੌਰ, ਸਰੀਨਾ ਦੇਵੀ, ਮੀਨਾ ਕੁਮਾਰੀ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ |