ਮੋਰਿੰਡਾ, 23 ਅਪ੍ਰੈਲ (ਤਰਲੋਚਨ ਸਿੰਘ ਕੰਗ)-ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਪਿੰਡ ਓਇੰਦ ਵਿਖੇ ਨਹਿਰੀ ਪਾਣੀ ਤੋਂ ਖੇਤਾਂ ਲਈ ਸਿੰਚਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ | 44.83 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਇਸ ਖੇਤਰ 'ਚੋਂ ਲੰਘ ਰਹੀਆਂ ਮੁੱਖ ਨਹਿਰਾਂ ਸਰਹਿੰਦ ਨਹਿਰ ਅਤੇ ਭਾਖੜਾ ਮੇਨ ਲਾਈਨ ਨਹਿਰ ਦੇ ਬਾਵਜੂਦ ਕਈ ਪਿੰਡਾਂ ਨੂੰ ਹੁਣ ਤੱਕ ਨਹਿਰੀ ਪਾਣੀ ਦੀ ਸੁਵਿਧਾ ਪ੍ਰਾਪਤ ਨਹੀਂ ਹੋ ਰਹੀ ਸੀ, ਜਿਸ ਨਾਲ ਛੋਟੇ ਕਿਸਾਨ ਮੋਟਰ ਦਾ ਕੁਨੈਕਸ਼ਨ ਨਾ ਹੋਣ ਕਾਰਨ ਪਾਣੀ ਲਈ ਹੋਰ ਜ਼ਿੰਮੀਂਦਾਰਾਂ ਉੱਤੇ ਨਿਰਭਰ ਕਰਦੇ ਹਨ | ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਰਕਬੇ ਨੂੰ ਨਹਿਰੀ ਸਿੰਚਾਈ ਹੇਠ ਲਿਆਉਣ ਦੇ ਸਰਕਾਰੀ ਟੀਚੇ ਨੂੰ ਪੂਰਾ ਕਰਨ ਲਈ ਇਹ ਲਿਫਟ ਸਿੰਚਾਈ ਯੋਜਨਾ ਤਿਆਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਪਿੰਡ ਓਇੰਦ ਕੋਲੋਂ ਭਾਖੜਾ ਮੇਨ ਲਾਈਨ ਨਹਿਰ ਦੇ ਸਮਰਾਲਾ ਮੇਜਰ ਸਿਸਟਮ ਤੋਂ ਪਾਣੀ ਲਿਫਟ ਕਰਕੇ ਲਗਭਗ 900 ਮਿਲੀਮੀਟਰ (ਲਗਭਗ 3 ਫੁੱਟ) ਵਿਆਸ ਵਾਲੀ ਮੇਨ ਰਾਈਜ਼ਰ ਪਾਈਪ ਰਾਹੀਂ ਪਿੰਡ ਗੱਗੋਂ ਵਿਖੇ ਬਣਾਏ ਜਾਣ ਵਾਲੇ ਡੀ-ਟੈਂਕ ਤੱਕ ਪਹੁੰਚਾਇਆ ਜਾਵੇਗਾ | ਇਸ ਤੋਂ ਬਾਅਦ ਚਾਰ ਵੱਖ-ਵੱਖ ਡਿਸਟਰੀਬਿਊਸ਼ਨ ਯੋਜਨਾਵਾਂ ਰਾਹੀਂ ਆਲੇ-ਦੁਆਲੇ ਦੇ ਪਿੰਡਾਂ ਵਿਚ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ | ਇਸ ਯੋਜਨਾ ਦਾ ਲਾਭ ਸ੍ਰੀ ਚਮਕੌਰ ਸਾਹਿਬ, ਸੱਲੋਮਾਜਰਾ, ਗੱਗੋਂ, ਗਧਰਾਮ ਖੁਰਦ, ਗਧਰਾਮ ਕਲਾਂ, ਪਿੱਪਲਮਾਜਰਾ, ਰੁੜਕੀ, ਤਾਲਾਪੁਰ, ਦੁੱਗਰੀ, ਕੋਟਲੀ, ਕਮਾਲਪੁਰ, ਰਾਮਪੁਰ ਬੇਟ ਸਮੇਤ ਕਈ ਹੋਰ ਪਿੰਡਾਂ ਨੂੰ ਮਿਲੇਗਾ | ਸ੍ਰੀ ਗੋਇਲ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ ਖੇਤੀਬਾੜੀ ਉਤਪਾਦਨ ਵਿਚ ਵਾਧਾ ਹੋਵੇਗਾ, ਸਗੋਂ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ | ਇਸ ਤੋਂ ਇਲਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਫੱਸੇ ਪਿੰਡ ਵਿਖੇ ਸਤਲੁਜ ਦੇ ਬੰਨ੍ਹ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਜਾ ਰਹੇ ਕਾਰਜ ਦਾ ਨਿਰੀਖਣ ਕੀਤਾ | ਇਸ ਮੌਕੇ ਹੋਰਨਾ ਤੋਂ ਇਲਾਵਾ ਸਹਾਇਕ ਕਮਿਸ਼ਨਰ ਕਮ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਪਰਦੀਪ ਸਿੰਘ ਬੈਂਸ, ਡੀ.ਐਸ.ਪੀ. ਸ੍ਰੀ ਚਮਕੌਰ ਸਾਹਿਬ ਮਨਜੀਤ ਸਿੰਘ ਔਲਖ, ਐਸ.ਈ. ਗਗਨਦੀਪ ਸਿੰਘ ਗਿੱਲ, ਐਕਸੀਅਨ ਗੁਰਸ਼ਰਨ ਸਿੰਘ ਵਿਰਕ, ਐੱਸ.ਡੀ.ਓ., ਕੁਲਵਿੰਦਰ ਸਿੰਘ, ਪ੍ਰੋ. ਬੀਰਦਵਿੰਦਰ ਸਿੰਘ 'ਆਪ' ਆਗੂ, ਅਮਨਦੀਪ ਸਿੰਘ ਮਾਂਗਟ, ਭੁਪਿੰਦਰ ਸਿੰਘ ਭੂਰਾ, ਵਿਸਾਲ ਕਸ਼ਯਪ, ਕੇਸਰ ਸਿੰਘ ਸਮਾਣਾਂ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਭੰਡਾਰੀ, ਚੇਅਰਮੈਨ ਸਕਿੰਦਰ ਸਿੰਘ, ਚੇਅਰਮੈਨ ਸੁਖਜਿੰਦਰ ਸਿੰਘ, ਮੇਜਰ ਸਿੰਘ ਸਰਪੰਚ, ਜਗਤਾਰ ਸਿੰਘ ਘੜੂੰਆਂ, ਜਸ਼ਨਦੀਪ ਸਿੰਘ ਮਾਮੂਪੁਰ, ਚੇਅਰਮੈਨ ਨਿਰਪਾਲ ਸਿੰਘ ਮੰਡੇਰ, ਸੁਖਵੀਰ ਸਿੰਘ, ਗੁਰਬੀਰ ਸਿੰਘ, ਸ਼ਮਸ਼ੇਰ ਸਿੰਘ ਮੰਗੀ, ਅਰਸ਼ਦੀਪ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਸਰਪੰਚ, ਪਰਮਜੀਤ ਸਿੰਘ ਰਾਣਾ, ਦਲਜੀਤ ਸਿੰਘ, ਕਰਨੈਲ ਸਿੰਘ, ਅੰਮਿ੍ਤਪਾਲ ਕੌਰ, ਰਮਨਦੀਪ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ |