ਜ਼ੀਰਕਪੁਰ, 23 ਅਪ੍ਰੈਲ (ਮਨਿੰਦਰ ਸਿੰਘ)-ਬੁੱਧਵਾਰ ਦੁਪਹਿਰ ਛੱਤ ਲਾਈਟ ਪੁਆਇੰਟ ਕੋਲ ਸਥਿਤ ਸਕਾਈ ਯਾਰਡ ਬਾਰ 'ਚ ਬਿੱਲ ਨੂੰ ਲੈ ਕੇ ਬਾਰ ਦੇ ਕਰਮਚਾਰੀਆਂ ਤੇ ਕੁਝ ਨੌਜਵਾਨਾਂ ਵਿਚਕਾਰ ਬਹਿਸ ਹੋ ਗਈ ਅਤੇ ਦੇਖਦੇ ਹੀ ਦੇਖਦੇ ਇਹ ਬਹਿਸ ਇਸ ਹੱਦ ਤੱਕ ਵਧ ਗਈ ਕਿ ਕਰਮਚਾਰੀਆਂ ਨੇ ਨੌਜਵਾਨਾਂ 'ਤੇ ਰਾਡਾਂ ਤੇ ਲੋਹੇ ਦੇ ਸਰੀਏ ਨਾਲ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਕੋਮਲ, ਰਣਧੀਰ ਸਿੰਘ ਤੇ ਸੋਨੀ ਵਾਸੀ ਵੀ. ਆਈ. ਪੀ. ਰੋਡ ਜ਼ੀਰਕਪੁਰ ਗੰਭੀਰ ਜ਼ਖਮੀ ਹੋ ਗਏ | ਇਸ ਦੌਰਾਨ ਕੋਮਲ ਦਾ ਦੰਦ ਟੁੱਟ ਗਿਆ, ਜਦਕਿ ਰਣਧੀਰ ਸਿੰਘ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਸ ਦੇ ਸਿਰ ਵਿਚ ਪੰਜ ਟਾਂਕੇ ਲੱਗੇ ਅਤੇ ਇਕ ਹੋਰ ਨੌਜਵਾਨ ਸੋਨੀ ਦੀ ਪਿੱਠ 'ਤੇ ਵੀ ਲੋਹੇ ਦੀਆਂ ਰਾਡਾਂ ਨਾਲ ਵਾਰ ਕੀਤਾ ਗਿਆ | ਇਸ ਹਮਲੇ ਤੋਂ ਬਾਅਦ ਜ਼ਖਮੀਆਂ ਨੂੰ ਢਕੌਲੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਇਸ ਸੰਬੰਧੀ ਕੋਮਲ ਨੇ ਦੱਸਿਆ ਕਿ ਉਹ ਸ਼ਰਾਬ ਪੀਣ ਲਈ ਸਕਾਈ ਯਾਰਡ ਬਾਰ ਗਿਆ ਸੀ, ਜਿਸ ਦੌਰਾਨ ਉਸ ਨੇ ਪਹਿਲਾਂ ਹੀ ਸ਼ਰਾਬ ਦੀ ਬੋਤਲ ਲਈ ਆਨਲਾਈਨ ਭੁਗਤਾਨ ਕਰ ਦਿੱਤਾ ਸੀ ਅਤੇ ਫਿਰ ਕੁਝ ਘੰਟਿਆਂ ਲਈ ਉਥੇ ਬੈਠ ਕੇ ਪੀਂਦਾ ਰਿਹਾ | ਇਸ ਤੋਂ ਬਾਅਦ ਜਦੋਂ ਭੁਗਤਾਨ ਕਰਨ ਦਾ ਸਮਾਂ ਆਇਆ ਤਾਂ ਬਾਰ ਦੇ ਸਟਾਫ਼ ਨੇ ਬਿੱਲ ਵਿਚ ਬੋਤਲ ਦੀ ਕੀਮਤ ਵੀ ਜੋੜ ਦਿੱਤੀ, ਜਿਸ 'ਤੇ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਬੋਤਲ ਲਈ ਭੁਗਤਾਨ ਕਰ ਚੁੱਕਾ ਹੈ ਤਾਂ ਉਨ੍ਹਾਂ ਨੇ ਭੁਗਤਾਨ ਹੋਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਬਹਿਸ ਹੋ ਗਈ ਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ | ਉਸ ਨੇ ਦੱਸਿਆ ਹੈ ਕਿ ਲਗਭਗ 15 ਤੋਂ 17 ਬਾਰ ਸਟਾਫ਼ ਨੇ ਉਨ੍ਹਾਂ 'ਤੇ ਲੋਹੇ ਦੀਆਂ ਰਾਡਾਂ ਅਤੇ ਸਰੀਏ ਨਾਲ ਹਮਲਾ ਕਰ ਦਿੱਤਾ | ਕੋਮਲ ਨੇ ਕਿਹਾ ਕਿ ਜੇਕਰ ਉਹ ਮੌਕੇ ਤੋਂ ਨਾ ਭੱਜਦਾ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦਿੰਦੇ | ਉਕਤ ਮਾਮਲੇ ਸੰਬੰਧੀ ਥਾਣਾ ਜ਼ੀਰਕਪੁਰ ਦੇ ਐਸ. ਐਚ. ਓ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮੈਡੀਕਲ ਲੀਗਲ ਰਿਪੋਰਟ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ | ਪੁਲਿਸ ਵਜੋਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਮੌਕੇ ਤੋਂ ਸੀ. ਸੀ. ਟੀ. ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ |