ਨੂਰਪੁਰ ਬੇਦੀ, 24 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਗੁੱਜਰ ਸਮਾਜ ਦੇ ਆਗੂਆਂ ਦੀ ਇਕ ਮਹੱਤਵਪੂਰਨ ਮੀਟਿੰਗ ਨੂਰਪੁਰ ਬੇਦੀ ਵਿਖੇ ਹੋਈ | ਜਿਸ ਵਿਚ ਸਮਾਜ ਨਾਲ ਸੰਬੰਧਿਤ ਮਸਲਿਆਂ ਅਤੇ ਸਮਾਜਿਕ ਇਕਜੁੱਟਤਾ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਸੀਨੀਅਰ ਆਗੂ ਚੌਧਰੀ ਹੁਸਨ ਨਾਲ ਚੌਹਾਨ, ਨਰਿੰਦਰ ਹੱਕਲਾ ਝਾਂਡੀਆਂ ਮੈਂਬਰ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਸਰਕਾਰ ਅਤੇ ਸਰਪੰਚ ਲੇਖ ਰਾਮ ਬਜਾੜ ਬਾਲੇਵਾਲ ਇੰਚਾਰਜ਼ ਮਾਝਾ ਜੋਨ, ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਵਿਧਾਇਕ ਜਾਂ ਰਾਜਨੀਤਿਕ ਆਗੂ ਵਲੋਂ ਗੁੱਜਰ ਸਮਾਜ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਗੁੱਜਰ ਸਮਾਜ ਆਪਣੇ ਹੱਕਾਂ ਅਤੇ ਪਹਿਚਾਣ ਲਈ ਸੰਘਰਸ਼ ਕਰਦਾ ਆ ਰਿਹਾ ਹੈ, ਪਰ ਉਸ ਨੂੰ ਉਚਿਤ ਮੌਕਿਆਂ ਤੋਂ ਵਾਂਝਾ ਰੱਖਿਆ ਗਿਆ | ਲੇਕਿਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਨਾ ਕੇਵਲ ਗੁੱਜਰ ਸਮਾਜ ਨੂੰ ਅੱਗੇ ਲਿਆਂਦਾ ਗਿਆ ਹੈ, ਬਲਕਿ ਸਮਾਜ ਦੇ ਯੋਗ ਆਗੂਆਂ ਨੂੰ ਵੱਖ-ਵੱਖ ਵੱਡੇ ਅਹੁਦਿਆਂ 'ਤੇ ਵੀ ਵਿਰਾਜਮਾਨ ਕੀਤਾ ਗਿਆ ਹੈ, ਜੋ ਗੁੱਜਰ ਸਮਾਜ ਲਈ ਮਾਣ ਵਾਲੀ ਹੈ ਅਤੇ ਇਸ ਨਾਲ ਸਮਾਜ ਵਿਚ ਨਵਾਂ ਹੌਸਲਾ ਪੈਦਾ ਹੋਇਆ ਹੈ | ਆਗੂਆਂ ਨੇ ਕਿਹਾ ਕਿ ਜਿਸ ਲਈ ਗੁੱਜਰ ਸਮਾਜ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਰਿਣੀ ਹੈ ਅਤੇ ਉਹਨਾਂ ਦਾ ਧੰਨਵਾਦ ਕਰਦਾ ਹੈ | ਆਗੂਆਂ ਨੇ ਕਿਹਾ ਕਿ ਵਿਧਾਇਕ ਦਿਨੇਸ਼ ਚੱਢਾ ਵਲੋਂ ਹਲਕੇ ਵਿਚ ਕਰਵਾਏ ਗਏ ਵੱਖ-ਵੱਖ ਵਿਕਾਸ ਕਾਰਜਾਂ ਨੇ ਇਲਾਕੇ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ | ਸੜਕਾਂ, ਪਾਣੀ, ਸਿਹਤ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਦੇ ਖੇਤਰ ਵਿਚ ਹੋਏ ਕੰਮ ਲੋਕਾਂ ਲਈ ਕਾਫੀ ਲਾਭਦਾਇਕ ਸਾਬਤ ਹੋ ਰਹੇ ਹਨ | ਮੀਟਿੰਗ ਵਿਚ ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਗੁੱਜਰ ਸਮਾਜ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ ਅਤੇ ਭਵਿੱਖ ਵਿਚ ਵੀ ਵਿਧਾਇਕ ਚੱਢਾ ਦੇ ਨਾਲ ਮਿਲ ਕੇ ਹਲਕੇ ਦੀ ਤਰੱਕੀ ਲਈ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਚੰਨਣ ਰਾਮ ਸਰਪੰਚ ਰੋੜੂਆਣਾ, ਮਹਿੰਦਰ ਪਾਲ ਨੰਬਰਦਾਰ ਰਾਮਪੁਰ ਕਲਾਂ, ਭਜਨ ਨਾਲ ਸੋਢੀ ਸਾਬਕਾ ਪ੍ਰਧਾਨ ਬੀ.ਸੀ. ਵਿੰਗ, ਰਕੇਸ਼ ਕੁਮਾਰ ਝਾਂਡੀਆਂ ਜ਼ਿਲ੍ਹਾ ਕੁਆਰਡੀਨੇਟਰ, ਬਲਾਕ ਸੰਮਤੀ ਚੇਅਰਮੈਨ ਸੁਨੀਤਾ ਦੇਵੀ ਦੇ ਪਤੀ ਮਨਜੀਤ ਭੂੰਬਲਾਂ, ਗੁਰਦਿਆਲ ਸਿੰਘ ਕਾਕੂ ਭਗਤ, ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਬਿੰਦੀ ਰੂੜੇਵਾਲ, ਰਵੀ ਕੁਮਾਰ ਚੌਹਾਨ ਬਾਲੇਵਾਲ ਅਤੇ ਹੋਰ ਆਗੂ ਹਾਜ਼ਰ ਸਨ |