ਰੂਪਨਗਰ, 26 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਤਾਂ ਅਜੇ ਟਰੇਲਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮਨ ਭਰ ਚੁੱਕਾ ਹੈ ਅਤੇ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਦਾ ਵੀ ਮੋਹ ਭੰਗ ਹੋ ਰਿਹਾ ਹੈ | ਬੀਤੇ ਦਿਨੀਂ ਪੰਜਾਬ ਵਿਚ ਹੋਈ ਈਡੀ ਦੀ ਰੇਡ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ, ਜਦਕਿ ਭਾਜਪਾ ਅਤੇ ਹੋਰ ਸਿਆਸੀ ਦਲ ਆਪਣਾ ਕੰਮ ਕਰ ਰਹੇ ਹਨ | ਅਨੁਰਾਗ ਠਾਕੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਪੰਜਾਬ ਅੰਦਰ ਨਸ਼ੇ ਅਤੇ ਗੈਂਗਸਟਰ ਵਾਦ ਵਿਚ ਵਾਧਾ ਹੋਇਆ ਹੈ | ਉਹ ਰੋਪੜ ਵਿਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵਲੋਂ ਕਰਵਾਏ ਇੱਕ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਸਨ | ਇਸ ਮੌਕੇ ਉਨ੍ਹਾਂ ਕਿਹਾ ਕਿ ਹਿਮਾਚਲ ਤੋਂ ਬਾਹਰ ਹੋਰ ਸੂਬਿਆਂ ਵਿਚ ਰਹਿ ਰਹੇ ਹਿਮਾਚਲ ਵਾਸੀਆਂ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ |