ਨੂਰਪੁਰ ਬੇਦੀ, 9 ਮਈ (ਵਿੰਦਰਪਾਲ ਝਾਂਡੀਆਂ)- ਮੰਡੀਆਂ ਦੇ ਸਮੇਂ ਨੂੰ ਵਧਾਉਣ ਦੀ ਮੰਗ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂਆਂ ਦੀ ਟੀਮ ਨੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਮੁਲਾਕਾਤ ਕੀਤੀ | ਸਭਾ ਦੇ ਆਗੂਆਂ ਨੇ ਦੱਸਿਆ ਕਿ ਜ਼ਿਲੇ੍ਹ 'ਚ ਖੇਤੀਬਾੜੀ ਵਿਭਿੰਨਤਾ ਕਾਰਨ ਜ਼ਿਆਦਾਤਰ ਜ਼ਮੀਨ 'ਤੇ ਪਾਪੂਲਰ ਅਤੇ ਹੋਰ ਬਾਗ਼ਬਾਨੀ ਫ਼ਸਲਾਂ ਲੱਗੀਆਂ ਹੋਈਆਂ ਹਨ | ਇਨ੍ਹਾਂ ਖੇਤਰਾਂ 'ਚ ਬੀਜੀ ਗਈ ਕਣਕ ਦੀ ਫ਼ਸਲ ਨੂੰ ਕੰਬਾਈਨ ਮਸ਼ੀਨਾਂ ਨਾਲ ਕੱਟਣਾ ਸੰਭਵ ਨਹੀਂ ਹੁੰਦਾ, ਜਿਸ ਕਾਰਨ ਇਸ ਦੀ ਕਟਾਈ ਪੂਰੀ ਤਰ੍ਹਾਂ ਮਜ਼ਦੂਰਾਂ 'ਤੇ ਨਿਰਭਰ ਰਹਿੰਦੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਾਲ ਮੌਸਮ ਦੇ ਬਦਲਦੇ ਮਿਜ਼ਾਜ ਤੇ ਮਜ਼ਦੂਰਾਂ ਦੀ ਘਾਟ ਕਾਰਨ ਕਣਕ ਦੀ ਕਟਾਈ 'ਚ ਕਾਫ਼ੀ ਦੇਰੀ ਹੋਈ ਹੈ | ਇਸ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਫ਼ਸਲ ਅਜੇ ਵੀ ਖੇਤਾਂ 'ਚ ਪਈ ਹੋਈ ਹੈ | ਜ਼ਿਲ੍ਹਾ ਆਗੂ ਗੁਰਨੈਬ ਸਿੰਘ ਜੇਤੇਵਾਲ ਤੇ ਸੂਬਾ ਆਗੂ ਮੋਹਨ ਸਿੰਘ ਧਮਾਣਾਂ ਨੇ ਅਪੀਲ ਕੀਤੀ ਕਿ ਘੱਟੋ-ਘੱਟ ਕੁੱਝ ਦਿਨਾਂ ਲਈ ਮੰਡੀਆਂ ਦਾ ਸਮਾਂ ਹੋਰ ਵਧਾਇਆ ਜਾਵੇ ਤਾਂ ਜੋ ਸਾਰੀ ਫ਼ਸਲ ਦੀ ਖ਼ਰੀਦ ਸੁਚੱਜੇ ਢੰਗ ਨਾਲ ਹੋ ਸਕੇ | ਜ਼ਿਲ੍ਹਾ ਸਕੱਤਰ ਧਰਮਪਾਲ ਸੈਣੀਮਾਜਰਾ, ਪਰਮਿੰਦਰ ਸਿੰਘ ਗੋਪਾਲਪੁਰ, ਹਜ਼ਾਰਾ ਸਿੰਘ ਲਸਾੜੀ ਤੇ ਬਲਵੰਤ ਸਿੰਘ ਲੈਹੜੀਆਂ ਨੇ ਵੀ ਡਿਪਟੀ ਕਮਿਸ਼ਨਰ ਨੂੰ ਸਮੁੱਚੇ ਹਾਲਾਤ ਤੋਂ ਜਾਣੂ ਕਰਵਾਇਆ |