ਨੰਗਲ, 14 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਅੰਤਾਂ ਦੀ ਦੁਰਦਸ਼ਾ ਹੰਢਾਅ ਰਹੇ ਨੰਗਲ-ਭਾਖੜਾ ਡੈਮ ਰੇਲ ਟਰੈਕ ਦਾ ਨਵੀਨੀਕਰਨ ਸ਼ੁਰੂ ਕਰ ਦਿੱਤਾ ਹੈ | ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸਰਦਾਰ ਸੀ.ਪੀ. ਸਿੰਘ ਦੀ ਸਰਪ੍ਰਸਤੀ ਹੇਠ ਕਾਰਜਕਾਰੀ ਇੰਜੀਨੀਅਰ ਪਾਰਸ ਨਈਅਰ ਨੈਲਾ ਰੇਲ ਸੁਰੰਗ ਲਾਗੇ ਕੰਮ ਕਰਵਾਅ ਰਹੇ ਹਨ | ਚੇਤੇ ਰਹੇ ਕਿ ਰੇਲ ਸੁਰੰਗ ਸਮੇਤ ਪੱਟੜੀ ਦਾ ਬਹੁਤਾ ਹਿੱਸਾ ਠੀਕ ਹੋਣ ਵਾਲਾ ਹੈ ਕਿਉਂਕਿ ਲੱਕੜ ਦੇ ਸਲੀਪਰਾਂ ਦੀ ਮਿਆਦ ਪੁੱਗ ਗਈ ਹੈ | ਇਹ ਭਾਰਤ ਦੀ ਅਨੋਖੀ ਰੇਲ ਹੈ ਜਿਸ 'ਚ ਯਾਤਰਾ ਕਰਨ ਦਾ ਕੋਈ ਟਿਕਟ ਨਹੀਂ ਹੈ | ਭਾਖੜਾ ਡੈਮ ਦੀ ਉਸਾਰੀ ਸਮੇਂ (1948-1963) ਇਸ ਰੇਲ ਦਾ ਰੋਲ ਬੜਾ ਹੀ ਅਹਿਮ ਸੀ ਅਤੇ ਇਹ ਦਿਨ ਰਤ ਚਲਦੀ ਸੀ | ਅਮਰੀਕਨ ਇੰਜੀਨੀਅਰ ਐਮ.ਐਚ. ਸਲੋਕਮ ਦੀ ਅਗਵਾਈ 'ਚ 30 ਵਿਦੇਸ਼ੀ ਮਾਹਰਾਂ, 300 ਇੰਜੀਨੀਅਰਾਂ ਤੇ 13000 ਮਜਦੂਰਾਂ ਨੇ ਦਿਨ ਰਾਤ ਇੱਕ ਕਰਕੇ ਭਾਖੜਾ ਡੈਮ ਦੀ ਉਸਾਰੀ ਕੀਤੀ | ਭਾਖੜਾ ਡੈਮ ਦੀ ਉਸਾਰੀ ਸਮੇਂ ਸਾਮਾਨ, ਮਸ਼ੀਨਰੀ ਅਤੇ ਮਜ਼ਦੂਰਾਂ ਦੀ ਢੁਆਈ ਇਸੇ ਰੇਲ ਮਾਰਗ ਰਾਹੀਂ ਹੋਈ | ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਭਾਵੇਂ ਬੀ.ਬੀ.ਐਮ.ਬੀ. ਨੂੰ ਇਹ ਹੁਕਮ ਦਿੱਤਾ ਹੈ ਕਿ ਰੇਲ ਟਰੈਕ ਦਾ ਬਿਜਲੀਕਰਨ ਕੀਤਾ ਜਾਵੇ ਅਤੇ ਇਲੈਕਟਿ੍ਕ ਇੰਜਨ ਖਰੀਦੀਆ ਜਾਵੇ ਪਰ ਅਜੇ ਇਸ ਦਿਸ਼ਾ 'ਚ ਕੁੱਝ ਨਹੀਂ ਹੋਇਆ ਹਾਲ ਦੀ ਘੜੀ ਪਿੰਡ ਨੈਲਾ ਅਤੇ ਪਿੰਡ ਉਲੀਂਡਾ ਦੇ ਲੋਕ ਬਾਗੋ ਬਾਗ ਹਨ, ਜਿਨ੍ਹਾਂ ਨੂੰ ਰੇਲ ਸੇਵਾ ਦਾ ਸਭ ਤੋਂ ਵੱਧ ਲਾਭ ਹੈ |