ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)- ਹਰਿਆਣਾ ਦੇ ਜ਼ਿਲ੍ਹਾ ਰੇਵਾੜੀ ਦੇ ਪਿੰਡ ਸੂਬਾ ਸਹੇੜੀ ਦੀ 14 ਸਾਲਾ ਲੜਕੀ ਪੂਜਾ ਘਰ ਤੋਂ ਬਿਨਾਂ ਦੱਸੇ ਲਾਪਤਾ ਹੋ ਗਈ ਸੀ | ਇਸ ਸਬੰਧੀ ਉਸ ਦੇ ਪਿਤਾ ਪ੍ਰਕਾਸ਼ ਵਲੋਂ ਥਾਣਾ ਬਾਵਲ ਵਿਖੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ | ਥਾਣਾ ਬਾਵਲ ਦੇ ਐਸ.ਆਈ. ਸੁਨੀਲ ਕੁਮਾਰ ਨੇ ਮੋਬਾਈਲ ਲੋਕੇਸ਼ਨ ਦੇ ਆਧਾਰ 'ਤੇ ਲੜਕੀ ਦੀ ਭਾਲ ਕਰਦਿਆਂ ਰੇਵਾੜੀ, ਪਲਵਲ, ਦਿੱਲੀ ਤੇ ਸਹਾਰਨਪੁਰ ਰਾਹੀਂ ਅੰਬਾਲਾ ਕੈਂਟ ਤੱਕ ਪਹੁੰਚ ਕੀਤੀ | ਇਸ ਦੌਰਾਨ ਲੜਕੀ ਦੀ ਲੋਕੇਸ਼ਨ ਰੋਪੜ ਇਲਾਕੇ ਵਿਚ ਮਿਲੀ | ਉਪਰੰਤ ਜੀ.ਆਰ.ਪੀ. ਸਰਹਿੰਦ ਨਾਲ ਸੰਪਰਕ ਕੀਤਾ ਗਿਆ | ਐਸ.ਐਚ.ਓ. ਸੁਗਰੀਵ ਚੰਦ ਰਾਣਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੌਕੀ ਇੰਚਾਰਜ ਅਨੰਦਪੁਰ ਸਾਹਿਬ ਏ.ਐਸ.ਆਈ. ਜਗਜੀਤ ਸਿੰਘ ਨੇ ਟਰੇਨ ਨੰਬਰ 19307 ਵਿਚ ਸਫ਼ਰ ਕਰ ਰਹੀ ਲੜਕੀ ਨੂੰ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ ਸੁਰੱਖਿਅਤ ਬਰਾਮਦ ਕਰ ਲਿਆ | ਬਾਅਦ ਵਿਚ ਲੜਕੀ ਨੂੰ ਰੇਲਵੇ ਸਟੇਸ਼ਨ ਰੋਪੜ ਵਿਖੇ ਉਸ ਦੇ ਪਿਤਾ ਪ੍ਰਕਾਸ਼ ਅਤੇ ਹਰਿਆਣਾ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਤਾ ਗਿਆ | ਪਰਿਵਾਰ ਨੇ ਪੰਜਾਬ ਪੁਲਿਸ ਅਤੇ ਜੀ.ਆਰ.ਪੀ. ਦਾ ਧੰਨਵਾਦ ਕੀਤਾ |