ਪਹਿਲੀ ਜੂਨ ਨੂੰ ਪੰਜਾਬ-ਹਿਮਾਚਲ ਸਰਹੱਦ ਦੀਆਂ 55 ਥਾਵਾਂ 'ਤੇ 4 ਘੰਟੇ ਦਾ ਜਾਮ <br/>
ਅਜੀਤ ਡੈਸਕ
21-05-2026
ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ)-ਹਿਮਾਚਲ ਸਰਕਾਰ ਵਲੋਂ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿਚ ਪੰਜਾਬ ਦੀਆਂ ਸੰਘਰਸਸ਼ੀਲ ਜਥੇਬੰਦੀਆਂ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ | ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ, ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਤੇ ਹੋਰ ਜਥੇਬੰਦੀਆਂ ਵਲੋਂ 1 ਜੂਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਨਾਲ ਲੱਗਦੇ 55 ਐਂਟਰੀ ਤੇ ਐਗਜ਼ਿਟ ਪੁਆਇੰਟਾਂ 'ਤੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਮ ਲਗਾਉਣ ਦਾ ਐਲਾਨ ਕੀਤਾ ਗਿਆ ਹੈ | ਜਥੇਬੰਦੀਆਂ ਦੀ ਰੂਪਨਗਰ ਪ੍ਰੈੱਸ ਕਲੱਬ ਵਿਖੇ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ, ਕਰਨਵੀਰ ਸਿੰਘ ਅਤੇ ਜਨ ਅਧਿਕਾਰ ਕਲਿਆਣ ਸਮਿਤੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੰਗਲੀ ਨੇ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਮੌਕੇ 'ਤੇ ਹੀ ਹੋਰ ਸਖ਼ਤ ਐਲਾਨ ਕੀਤੇ ਜਾਣਗੇ | ਇਸ ਮੌਕੇ ਸੰਘਰਸ਼ਕਾਰੀ ਧਿਰ ਦੇ ਵਕੀਲ ਐਡਵੋਕੇਟ ਉਤਾਸ਼ ਮੋਗਾ ਵਲੋਂ ਹਿਮਾਚਲ ਦੀਆਂ ਸਰਕਾਰੀ ਗੱਡੀਆਂ ਤੇ ਹੋਰ ਵਾਹਨਾਂ 'ਤੇ ਰੈਸੀਪਰੋਕਲ ਟੈਕਸ ਲਗਾਉਣ ਸਬੰਧੀ ਡਰਾਫਟ ਜਾਰੀ ਕੀਤਾ ਗਿਆ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਸਮੇਂ ਸਿਰ ਪੰਜਾਬ ਦੇ ਹੱਕ 'ਚ ਸਟੈਂਡ ਨਾ ਲਿਆ ਤਾਂ ਵਿਰੋਧ ਦਾ ਰੁਖ ਪੰਜਾਬ ਸਰਕਾਰ ਵੱਲ ਵੀ ਹੋ ਸਕਦਾ ਹੈ | ਆਗੂਆਂ ਨੇ ਦੱਸਿਆ ਕਿ ਹਿਮਾਚਲ ਦੇ ਵਪਾਰੀਆਂ, ਟੈਕਸੀ ਚਾਲਕਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ 21 ਤੋਂ 30 ਮਈ ਤੱਕ ਆਪਣੇ ਇਲਾਕਿਆਂ ਵਿਚ ਪ੍ਰਦਰਸ਼ਨ ਕਰਕੇ ਹਿਮਾਚਲ ਸਰਕਾਰ 'ਤੇ ਦਬਾਅ ਬਣਾਉਣ | ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਵੀ ਬਾਬਾ ਅੱਛਰ ਸਿੰਘ ਮਹਾਕਾਲ ਦੀ ਅਗਵਾਈ ਹੇਠ ਇਸ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਹਰਪ੍ਰੀਤ ਸਿੰਘ ਭੰਗਲ, ਬਲਵੀਰ ਖਾਨ, ਗੁਰਬਚਨ ਸਿੰਘ ਬੈਂਸ ਅਤੇ ਰਿਟਾਇਰਡ ਡੀਐਫਸੀ ਹਰਭਜਨ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ |