12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਰਾਸ਼ਟਰੀ ਪੱਧਰ 'ਤੇ ਚਮਕਿਆ ਬਠਿੰਡਾ ਦਾ ਪਿੰਡ ਗਿੱਲ ਕਲਾਂ • ਜਲ ਪ੍ਰਬੰਧਨ ਲਈ ਭਾਰਤ ਸਰਕਾਰ ਵਲੋਂ 'ਮਾਡਲ ਪਿੰਡ' ਐਲਾਨਿਆ • ਫ਼ੀਲਡ ਟੈਸਟਿੰਗ ਅਤੇ ਜਾਗਰੂਕਤਾ ਨੇ ਬਦਲੀ ਸੋਚ, ਲੋਕਾਂ ਨੇ ਸਬਮਰਸੀਬਲ ਛੱਡ ਅਪਣਾਇਆ ਸ਼ੁੱਧ ਨਹਿਰੀ ਪਾਣੀ <br/>

Ad Position 21
No active advertisement
ਅਜੀਤ ਡੈਸਕ 21-05-2026
ਰਾਮਪੁਰਾ ਫੂਲ, 20 ਮਈ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਦੇ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਰਾਮਪੁਰਾ ਬਲਾਕ ਦੇ ਪਿੰਡ ਗਿੱਲ ਕਲਾਂ ਨੇ ਭਾਈਚਾਰਕ ਸਾਂਝ ਅਤੇ ਸਥਾਨਕ ਜਲ ਪ੍ਰਬੰਧਨ ਦੀ ਇੱਕ ਅਜਿਹੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ, ਜਿਸ ਦੀ ਗੂੰਜ ਹੁਣ ਕੌਮੀ ਪੱਧਰ 'ਤੇ ਸੁਣਾਈ ਦੇ ਰਹੀ ਹੈ | ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵਲੋਂ 'ਜਲ ਜੀਵਨ ਮਿਸ਼ਨ 2.0' ਤਹਿਤ ਕਰਵਾਏ 7ਵੇਂ ਬਹੁ-ਭਾਸ਼ਾਈ 'ਸੁਜਲ ਗ੍ਰਾਮ ਸੰਵਾਦ' ਦੀ ਵਰਚੂਅਲ ਕਾਨਫ਼ਰੰਸ ਦੌਰਾਨ ਇਸ ਪਿੰਡ ਨੂੰ ਟਿਕਾਊ ਅਤੇ ਕਮਿਊਨਿਟੀ-ਪ੍ਰਬੰਧਿਤ ਜਲ ਸਪਲਾਈ ਲਈ ਇੱਕ ਕੌਮੀ ਮਾਡਲ ਵਜੋਂ ਪੇਸ਼ ਕੀਤਾ ਗਿਆ | ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਇਸ ਵੱਡੀ ਪ੍ਰਾਪਤੀ 'ਤੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ ਗਿੱਲ ਕਲਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਲੋਕਾਂ ਨੂੰ ਜਾਗਰੂਕ ਕਰਕੇ ਭਰੋਸੇ ਵਿਚ ਲਿਆ ਜਾਵੇ ਤਾਂ ਪੇਂਡੂ ਜਲ ਸਪਲਾਈ ਪ੍ਰਣਾਲੀ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਜਾ ਸਕਦਾ ਹੈ | ਪ੍ਰਾਪਤ ਅੰਕੜਿਆਂ ਅਨੁਸਾਰ, ਨਹਿਰੀ ਪਾਣੀ 'ਤੇ ਆਧਾਰਿਤ ਪਿੰਡ ਦੀ ਇਸ ਜਲ ਸਪਲਾਈ ਸਕੀਮ ਨੂੰ ਸਾਲ 2020 ਵਿਚ 2.96 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਸੀ | ਸਾਲ 2021-22 ਦੌਰਾਨ ਇਸ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਗਿਆ ਤੇ ਸਤੰਬਰ 2022 ਵਿਚ ਇੱਕ ਇਤਿਹਾਸਕ ਕਦਮ ਚੁੱਕਦਿਆਂ, ਇਸ ਸਕੀਮ ਦਾ ਮੁਕੰਮਲ ਸੰਚਾਲਨ ਤੇ ਪ੍ਰਬੰਧਨ ਸਥਾਨਕ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ | ਪ੍ਰਸ਼ਾਸਨ ਲਈ ਇਹ ਰਾਹ ਸੌਖਾ ਨਹੀਂ ਸੀ | ਲੋਕਾਂ ਦੇ ਸਾਹਮਣੇ ਫ਼ੀਲਡ ਟੈਸਟਿੰਗ ਕਿੱਟਾਂ ਰਾਹੀਂ ਪਾਣੀ ਦੀ ਗੁਣਵੱਤਾ ਦੀ ਲਾਈਵ ਜਾਂਚ ਕੀਤੀ ਗਈ | ਇਸ ਪਾਰਦਰਸ਼ੀ ਪ੍ਰਕਿਰਿਆ ਤੇ ਸ਼ੁੱਧਤਾ ਦੇ ਅੰਕੜਿਆਂ ਨੇ ਪਿੰਡ ਵਾਸੀਆਂ ਦੇ ਸ਼ੱਕ ਦੂਰ ਕਰ ਦਿੱਤੇ | ਨਤੀਜੇ ਵਜੋਂ, ਪਿੰਡ ਦੇ ਸਾਰੇ 784 ਘਰਾਂ ਨੇ ਆਪਣੀ ਮਰਜ਼ੀ ਨਾਲ ਟੈਪ ਵਾਟਰ (ਨਲਕੇ) ਦੇ ਕੁਨੈਕਸ਼ਨਾਂ ਲਈ ਅਰਜ਼ੀਆਂ ਦਿੱਤੀਆਂ, ਜਿਸ ਨਾਲ ਪਿੰਡ ਨੇ 100 ਫ਼ੀਸਦੀ ਕਵਰੇਜ ਦਾ ਟੀਚਾ ਸਰ ਕਰ ਲਿਆ | ਗਿੱਲ ਕਲਾਂ ਮਾਡਲ ਦੀ ਸਭ ਤੋਂ ਅਹਿਮ ਖ਼ਾਸੀਅਤ ਇਸ ਦਾ ਆਰਥਿਕ ਅਤੇ ਪ੍ਰਸ਼ਾਸਕੀ ਢਾਂਚਾ ਹੈ | ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਅਰਸ਼ੀ ਅਨੁਸਾਰ, ਪਿੰਡ ਦੀ ਕਮੇਟੀ ਵਲੋਂ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਿਯਮਤ ਰੱਖ-ਰਖਾਅ ਲਈ ਇੱਕ ਨਿੱਜੀ ਪੰਪ ਆਪ੍ਰੇਟਰ ਨਿਯੁਕਤ ਕੀਤਾ ਗਿਆ ਹੈ | ਮੌਜੂਦਾ ਸਮੇਂ ਪਿੰਡ ਵਿਚ ਰੋਜ਼ਾਨਾ ਚਾਰ ਘੰਟੇ ਪੀਣ ਯੋਗ ਸ਼ੁੱਧ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ | ਵੱਡੀ ਗੱਲ ਇਹ ਹੈ ਕਿ ਸਾਲਾਨਾ ਸੰਚਾਲਨ ਤੇ ਰੱਖ-ਰਖਾਅ ਦੇ ਸਾਰੇ ਖ਼ਰਚੇ ਕੱਢਣ ਤੋਂ ਬਾਅਦ ਵੀ ਕਮੇਟੀ ਨੂੰ ਹਰ ਸਾਲ ਕਰੀਬ 2 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ ਤੇ ਹੁਣ ਤੱਕ ਕਮੇਟੀ ਦੇ ਬੈਂਕ ਖਾਤੇ ਵਿਚ ਲਗਭਗ 6 ਲੱਖ ਰੁਪਏ ਦੀ ਬੱਚਤ ਜਮ੍ਹਾ ਹੋ ਚੁੱਕੀ ਹੈ | ਡੀ.ਸੀ. ਧੀਮਾਨ ਨੇ ਪਿੰਡ ਦੀ ਪੰਚਾਇਤ, ਪਾਣੀ ਕਮੇਟੀ ਦੇ ਮੈਂਬਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਿੱਲ ਕਲਾਂ ਨੇ ਪੂਰੇ ਦੇਸ਼ ਨੂੰ ਦਿਖਾ ਦਿੱਤਾ ਹੈ ਕਿ ਜਦੋਂ ਸਰਕਾਰੀ ਸਕੀਮਾਂ ਨਾਲ ਆਮ ਜਨਤਾ ਜੁੜਦੀ ਹੈ, ਤਾਂ ਉਹ ਯੋਜਨਾਵਾਂ ਨਾ ਸਿਰਫ਼ ਲੰਬੇ ਸਮੇਂ ਤੱਕ ਕਾਮਯਾਬ ਰਹਿੰਦੀਆਂ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਭਵਿੱਖ ਵੀ ਤਿਆਰ ਕਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪਹਿਲੀ ਜੂਨ ਨੂੰ ਪੰਜਾਬ-ਹਿਮਾਚਲ ਸਰਹੱਦ ਦੀਆਂ 55 ਥਾਵਾਂ 'ਤੇ 4 ਘੰਟੇ ਦਾ ਜਾਮ <br/> ਅਗਲੀ ਖ਼ਬਰ ਕਾਂਗਰਸ ਵਲੋਂ ਐਨ.ਆਰ.ਆਈ. ਭਾਈਚਾਰੇ ਨਾਲ ਸੰਪਰਕ ਮਜ਼ਬੂਤ ਕੀਤਾ ਸਿਡਨੀ ਵਿਚ ਮਨੀਸ਼ ਤਿਵਾੜੀ ਨੇ ਆਈ.ਓ.ਸੀ. ਮੀਟਿੰਗ ਦੀ ਕ...
Ad Position 24