ਮੋਰਿੰਡਾ, 20 ਮਈ (ਤਰਲੋਚਨ ਸਿੰਘ ਕੰਗ)- ਮੋਰਿੰਡਾ ਸ਼ਹਿਰ ਦੀ ਸਫ਼ਾਈ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਪਿਛਲੇ ਲਗਾਤਾਰ ਤਿੰਨ ਚਾਰ ਸਾਲਾਂ ਤੋਂ ਦਿਨ ਪ੍ਰਤੀ ਦਿਨ ਹੋਰ ਵੀ ਮਾੜੀ ਹੁੰਦੀ ਜਾ ਰਹੀ ਹੈ | ਭਾਵੇਂ ਮੋਰਿੰਡਾ ਸ਼ਹਿਰ ਦੇ ਕੂੜੇ ਨੂੰ ਸਾਂਭਣ ਦੀ ਗੱਲ ਹੋਵੇ, ਭਾਵੇਂ ਸੀਵਰੇਜ ਦੇ ਪਾਣੀ ਦੇ ਨਿਕਾਸ ਦੀ ਗੱਲ ਹੋਵੇ, ਨਗਰ ਕੌਂਸਲ ਮੋਰਿੰਡਾ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰਾਂ ਫ਼ੇਲ੍ਹ ਹੋ ਚੁੱਕੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਪਾਲ ਸਿੰਘ ਕੰਗ, ਗਿਆਨੀ ਰਣਜੀਤ ਸਿੰਘ, ਬਲਵੀਰ ਸਿੰਘ ਸੱਲ੍ਹ, ਹਰਜੀਤ ਸਿੰਘ ਸੱਲ੍ਹ, ਵਰਿੰਦਰ ਸਿੰਘ ਹੈਪੀ, ਜਤਿੰਦਰ ਕੁਮਾਰ, ਬਚਨ ਲਾਲ, ਅਜੇ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੋਰਿੰਡਾ ਦੇ ਵਿਕਾਸ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਬਿਲਕੁਲ ਹੀ ਉਲਟ ਹੈ ਕਿਉਂਕਿ ਵਿਕਾਸ ਤਾਂ ਇੱਕ ਪਾਸੇ ਰਹਿ ਗਿਆ, ਸ਼ਹਿਰ ਦੀ ਸਫ਼ਾਈ ਕਰਵਾਉਣ ਲਈ ਵੀ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਤੇ ਸਰਕਾਰ ਦੇ ਤਰਲੇ ਕਰਨੇ ਪੈ ਰਹੇ ਹਨ | ਮੋਰਿੰਡਾ ਵਿਚ ਕੋਈ ਅਜਿਹੀ ਸੜਕ ਨਹੀਂ ਹੈ ਜਿੱਥੇ ਕਿ ਕੂੜੇ ਦੇ ਢੇਰ ਨਾ ਲੱਗੇ ਹੋਣ | ਸਫ਼ਾਈ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਦੇ ਰਹੇ ਹਨ | ਕੌਂਸਲ ਵਾਲੇ ਕਹਿੰਦੇ ਹਨ ਕਿ ਸਾਨੂੰ ਕੂੜਾ ਸੁੱਟਣ ਲਈ ਕੋਈ ਡੰਪ ਨਹੀਂ ਮਿਲ ਰਿਹਾ ਪਰ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਿਨ ਪ੍ਰਤੀ ਦਿਨ ਵਧਦੀਆਂ ਹੀ ਜਾ ਰਹੀਆਂ ਹਨ | ਆਵਾਰਾ ਪਸ਼ੂ ਸੜਕਾਂ 'ਤੇ ਕੂੜਾ ਫਰੋਲ਼ ਫਰੋਲ ਕੇ ਰਸਤਾ ਬੰਦ ਕਰ ਰਹੇ ਹਨ | ਕਈ ਆਵਾਰਾ ਪਸ਼ੂ ਭੂਸਰ ਕੇ ਰਾਹਗੀਰਾਂ ਨੂੰ ਜ਼ਖਮੀ ਕਰ ਰਹੇ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਸ਼ਹਿਰ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਨ ਪਰ ਸਮਝ ਨਹੀਂ ਆ ਰਹੀ ਕਿ ਉਹ ਕਿਸ ਮੁੱਦੇ ਨੂੰ ਲੈ ਕੇ ਲੋਕਾਂ ਕੋਲੋਂ ਵੋਟਾਂ ਮੰਗਣ ਜਾ ਰਹੇ ਹਨ ਜਦਕਿ ਆਮ ਨਾਗਰਿਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਵੀ ਪੂਰਾ ਕਰਨ 'ਚ ਸਰਕਾਰ ਕਾਮਯਾਬ ਨਹੀਂ ਹੋ ਸਕੀ | ਇਸੇ ਸਬੰਧ ਵਿਚ ਜਦੋਂ ਕੌਂਸਲ ਪ੍ਰਧਾਨ ਜਗਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੂੜਾ ਚੁੱਕਣ ਵਾਲੇ ਕਰਮਚਾਰੀਆਂ ਦੀ ਹੜਤਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਵੀ ਕਦੇ ਨਗਰ ਕੌਂਸਲ ਵਾਲੇ ਮਸ਼ੀਨਾਂ ਲਿਆ ਕੇ ਕੂੜਾ ਚੁੱਕਣ ਲੱਗਦੇ ਹਨ ਤਾਂ ਧਰਨਾਕਾਰੀ ਇਸਦਾ ਵਿਰੋਧ ਕਰ ਦਿੰਦੇ ਹਨ ਜਿਸ ਨਾਲ ਸ਼ਹਿਰ ਵਾਸੀਆਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ |