ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ)- ਰੂਪਨਗਰ ਨੇੜਲੇ ਪਿੰਡ ਰੰਗੀਲਪੁਰ 'ਚ ਇਕ ਨਾਬਾਲਗ ਵਿਦਿਆਰਥਣ ਨਾਲ ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਤੇ ਅਫ਼ਸਰਾਂ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਮਾਮਲਾ ਅੱਜ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਦੇ ਧਿਆਨ ਵਿਚ ਲਿਆਂਦੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਕੁੱਝ ਉਮੀਦ ਜਗੀ ਹੈ | ਦੋਸ਼ ਹੈ ਕਿ ਪੁਲਿਸ ਦੇ ਕੁੱਝ ਅਫ਼ਸਰ ਇਸ ਘਟਨਾ ਨੂੰ ਲੜਕੀਆਂ ਦਾ ਆਪਸੀ ਝਗੜਾ ਦੱਸ ਕੇ ਮਾਮਲੇ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਕੋਲ ਅਜੇ ਤੱਕ ਇਹ ਸਾਬਤ ਕਰਨ ਲਈ ਕੋਈ ਢੁਕਵਾਂ ਸਬੂਤ ਵੀ ਨਹੀਂ ਹੈ ਕਿ ਹਮਲੇ 'ਚ ਸ਼ਾਮਿਲ ਲੜਕੀਆਂ ਨਾਬਾਲਗ ਹਨ, ਫਿਰ ਵੀ ਪੁਲਿਸ ਵਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਇਹ ਘਟਨਾ ਕਰੀਬ 10 ਤੋਂ 15 ਦਿਨ ਪੁਰਾਣੀ ਹੈ, ਪਰ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ | ਪਰਿਵਾਰ ਮੁਤਾਬਕ ਪੀੜਤ ਵਿਦਿਆਰਥਣ ਅਮਨਜੋਤ ਕੌਰ ਕਾਫ਼ੀ ਦਿਨਾਂ ਤੋਂ ਡਰੀ ਤੇ ਸਹਿਮੀ ਹੋਈ ਸੀ ਅਤੇ ਉਸ ਨੇ ਘਰ ਵਿਚ ਇਸ ਬਾਰੇ ਕੁੱਝ ਨਹੀਂ ਦੱਸਿਆ | ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਮਿਲੀ | ਪੀੜਤ ਲੜਕੀ ਨੂੰ ਸਿਵਲ ਹਸਪਤਾਲ ਰੂਪਨਗਰ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀਆਂ ਗੰਭੀਰ ਸੱਟਾਂ ਤੇ ਮਾਨਸਿਕ ਤਣਾਅ ਦਾ ਇਲਾਜ ਚੱਲ ਰਿਹਾ ਹੈ | ਪੀੜਤ ਵਿਦਿਆਰਥਣ ਦੇ ਬਿਆਨ ਅਨੁਸਾਰ ਜਦੋਂ ਉਹ ਘਰ ਵਿਚ ਇਕੱਲੀ ਸੀ ਤਾਂ ਤਿੰਨ ਲੜਕੀਆਂ, ਜਿਨ੍ਹਾਂ ਵਿੱਚੋਂ ਇੱਕ ਮੀਆਂਪੁਰ, ਇੱਕ ਕੋਟਲਾ ਨਿਹੰਗ ਤੇ ਇੱਕ ਰੂਪਨਗਰ ਦੀ ਰਹਿਣ ਵਾਲੀ ਸੀ, ਉਸਦੇ ਘਰ ਆਈਆਂ | ਉਨ੍ਹਾਂ ਨੇ ਉਸ ਨੂੰ ਜ਼ਬਰਦਸਤੀ ਹੈੱਡਵਰਕਸ ਰੂਪਨਗਰ ਜਾਣ ਲਈ ਕਿਹਾ | ਇਨਕਾਰ ਕਰਨ 'ਤੇ ਉਸ ਨਾਲ ਮੁੱਕਿਆਂ ਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਵਾਲ ਖਿੱਚੇ ਗਏ | ਪੀੜਤਾ ਦਾ ਦੋਸ਼ ਹੈ ਕਿ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ ਤੇ ਕੁੱਝ ਨੌਜਵਾਨਾਂ ਨੂੰ ਭੇਜੀ ਗਈ | ਪਰਿਵਾਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਥਾਣਾ ਸਿੰਘ ਭਗਵੰਤਪੁਰ ਵਿਚ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ | ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਹੀ ਪੁਲਿਸ ਵਲੋਂ ਛਾਪੇਮਾਰੀ ਸ਼ੁਰੂ ਕੀਤੀ ਗਈ ਪਰ ਠੋਸ ਕਾਰਵਾਈ ਹਾਲੇ ਵੀ ਬਾਕੀ ਹੈ | ਦੂਜੇ ਪਾਸੇ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਹਸਪਤਾਲ ਵਿਚ ਜ਼ੇਰੇ ਇਲਾਜ ਹੋਣ ਦੇ ਬਾਵਜੂਦ ਪੁਲਿਸ ਦਾ ਕੋਈ ਕਰਮਚਾਰੀ ਉਸਦੇ ਬਿਆਨ ਲੈਣ ਜਾਂ ਹਾਲਚਾਲ ਪੁੱਛਣ ਵੀ ਨਹੀਂ ਪਹੁੰਚਿਆ | ਪਰਿਵਾਰ ਨੇ ਮੰਗ ਕੀਤੀ ਹੈ ਕਿ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕਰਨ ਅਤੇ ਵੀਡੀਓ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਇਨਸਾਫ ਦਿੱਤਾ ਜਾਵੇ | ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ |