ਮੋਰਿੰਡਾ, 26 ਮਈ (ਪਿ੍ਤਪਾਲ ਸਿੰਘ)-ਮੋਰਿੰਡਾ ਨਗਰ ਕੌਂਸਲ ਚੋਣਾਂ ਲਈ ਅੱਜ 15 ਵਾਰਡਾਂ ਦੀਆਂ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ ਗਈਆਂ ਅਤੇ 75 ਫ਼ੀਸਦੀ ਤੋਂ ਵੱਧ ਵੋਟਰਾਂ ਵਲੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ | ਜਾਣਕਾਰ ਅਨੁਸਾਰ ਅੱਜ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਲਈ ਵੋਟਰਾਂ ਵਿਚ ਭਾਰੀ ਉਤਸਾਹ ਵੇਖਿਆ ਗਿਆ ਗਰਮੀ ਦੇ ਕਾਰਨ ਲੋਕ ਸਵੇਰੇ ਹੀ ਕਤਾਰਾਂ ਵਿਚ ਖੜਨਾ ਸ਼ੁਰੂ ਹੋ ਗਏ ਸਨ | ਵੋਟਾਂ ਦੌਰਾਨ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਰਾਹੀਂ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਤੇ ਲਿਆਉਣ ਦੇ ਉਪਰਾਲੇ ਕੀਤੇ ਗਏ | ਸਵੇਰੇ ਬਜ਼ੁਰਗਾਂ ਤੇ ਅਪਾਹਜਾਂ ਲਈ ਕਿਸੇ ਵੀ ਪੋਲਿੰਗ ਬੂਥ ਤੇ ਵੀਲ ਚੇਅਰ ਦਾ ਪ੍ਰਬੰਧ ਨਹੀਂ ਸੀ ਪਰ ਬਾਅਦ ਵਿੱਚੋਂ ਐਸ.ਡੀ.ਐਮ ਮੋਰਿੰਡਾ ਦੇ ਹੁਕਮਾਂ ਅਨੁਸਾਰ ਵੱਖ-ਵੱਖ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਚੋਂ ਵੀਲ ਚੇਅਰ ਲੈ ਕੇ ਹੁਣ ਵੱਖ ਵੱਖ ਪੋਲਿੰਗ ਸਟੇਸ਼ਨਾਂ ਤੇ ਭੇਜੀਆਂ ਗਈਆਂ ਇਸ ਮੌਕੇ ਜਿਥੇ ਪ੍ਰਸ਼ਾਸਨ ਵਲੋਂ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਾਰੇ ਹੀ ਪੋਲਿੰਗ ਬੂਥਾਂ ਤੇ ਸ਼ਾਮੇਆਨੇ ਅਤੇ ਪੀਣ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ ਉੱਥੇ ਵੱਖ-ਵੱਖ ਉਮੀਦਵਾਰਾਂ ਵਲੋਂ ਵੀ ਠੰਢੇ ਮਿੱਠੇ ਜਲ, ਲੱਸੀ ਤੇ ਕੋਲਡਰਿਕ ਦੇ ਪ੍ਰਬੰਧ ਕੀਤੇ ਹੋਏ ਸਨ | ਇਸ ਮੌਕੇ ਐਸ.ਡੀ.ਐਮ. ਮੋਰਿੰਡਾ ਚੇਤਨ ਬੰਗੜ, ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਪੰਨੂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀ, ਸ਼੍ਰੋਮਣੀ ਅਕਾਲੀ ਦਲ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ, ਭਾਜਪਾ ਦੇ ਸੀਨੀਅਰ ਆਗੂ ਮੇਜਰ ਅੰਜੂ ਬਾਲਾ ਸਿੰਘ, ਭਾਜਪਾ ਦੇ ਸੀਨੀਅਰ ਆਗੂ ਸਵਰਨ ਸਿੰਘ ਸੈਂਪਲਾ ਸਮੇਤ ਵੱਖ-ਵੱਖ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਵੋਟਾਂ ਪਾਉਣ ਦੇ ਕੰਮ ਦਾ ਜਾਇਜ਼ਾ ਲਿਆ | ਵੋਟਾਂ ਪਾਉਣ ਦਾ ਕੰਮ ਸ਼ਾਮ 5 ਵਜੇ ਬੰਦ ਕਰ ਦਿੱਤਾ ਗਿਆ ਪਰ ਵਾਰਡ ਨੰਬਰ 6,11 ਅਤੇ 12 ਸਮੇਤ ਕਈ ਵਾਰਡਾਂ ਵਿਚ 5 ਵਜੇ ਤੋਂ ਬਾਅਦ ਵੀ ਵੋਟਾਂ ਪਾਉਣ ਲਈ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ |