ਬੇਲਾ, 29 ਮਈ (ਮਨਜੀਤ ਸਿੰਘ ਸੈਣੀ)- ਪੂਰੇ ਭਾਰਤ ਅੰਦਰ ਮਰਦਮਸ਼ੁਮਾਰੀ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਉੱਥੇ ਪੰਜਾਬ ਦੇ ਲੱਖਾਂ ਅਧਿਆਪਕ ਵੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਜੁਟੇ ਹੋਏ ਹਨ ਉੱਥੇ ਔਰਤ ਅਧਿਆਪਕਾਵਾਂ ਦੁਆਰਾ ਆਪਣੀ ਜਾਨ ਨੂੰ ਰਿਸਕ ਵਿਚ ਪਾ ਕੇ ਸਿਖਰ ਦੁਪਹਿਰਿਆਂ 'ਚ ਇਕੱਲਿਆਂ ਦੂਰ ਦੁਰਾਡੇ ਵਸੇ ਘਰਾਂ 'ਚ ਜਾ ਕੇ ਇਸ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਉੱਥੇ ਕੁੱਝ ਬਦਤਮੀਜ਼ ਕਿਸਮ ਦੇ ਲੋਕ, ਇਹਨਾਂ ਕਰਮਚਾਰੀਆਂ ਦੇ ਨਾਲ ਘਿਣਾਉਣੀ ਹਰਕਤ ਕਰਨ ਤੋਂ ਵੀ ਬਾਜ਼ ਨਹੀਂ ਆ ਰਹੇ, ਇਸ ਦੀ ਤਾਜ਼ਾ ਉਦਾਹਰਨ ਬਹਿਰਾਮਪੁਰ ਬੇਟ ਕਸਬੇ ਅਧੀਨ ਕੱਲ੍ਹ ਉਦੋਂ ਦੇਖਣ ਨੂੰ ਮਿਲੀ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾਂ ਦੀਆਂ ਦੋ ਅਧਿਆਪਕਾਵਾਂ ਜੋ ਕਿ ਮਰਦਮ ਸੁਮਾਰੀ ਮਕਾਨਾਂ ਨੂੰ ਨੰਬਰ ਲਗਾ ਰਹੀਆਂ ਸਨ ਤਾਂ ਰਾਮ ਸਿੰਘ ਪੁੱਤਰ ਧਨੀ ਰਾਮ ਨੇ ਅਧਿਆਪਕਾਵਾਂ ਨੂੰ ਘਰ 'ਤੇ ਲਿਖਿਆ ਨੰਬਰ ਮਿਟਾਉਣ ਲਈ ਕਿਹਾ ਅਧਿਆਪਕਾਵਾਂ ਨੇ ਕਿਹਾ ਕਿ ਅਸੀਂ ਅਜਿਹਾ ਨਹੀਂ ਕਰ ਸਕਦੇ ਪਰ ਇਸ ਵਿਅਕਤੀ ਨੇ ਉਨ੍ਹਾਂ ਦਾ ਰਸਤਾ ਰੋਕ ਕੇ ਧਮਕਾਇਆ ਤੇ ਗ਼ਲਤ ਸ਼ਬਦਾਵਲੀ ਵੀ ਵਰਤੀ ਗਈ ਤਾਂ ਅਧਿਆਪਕਾਂ ਨੇ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤੇ ਇਸ ਵਿਅਕਤੀ ਵਿਰੁੱਧ ਪੁਲਿਸ ਚੌਂਕੀ ਡੱਲਾਂ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਤੇ ਪੁਲਿਸ ਚੌਂਕੀ ਡੱਲਾਂ ਵਲੋਂ ਇਸ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਸ਼ਿਕਾਇਤ ਕਰਤਾ ਅਧਿਆਪਕਾਵਾਂ ਦੇ ਪਰਿਵਾਰਕ ਮੈਂਬਰਾਂ, ਅਧਿਆਪਕ ਜਥੇਬੰਦੀਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ 'ਚ ਉਕਤ ਵਿਅਕਤੀ ਵਲੋਂ ਕੀਤੀ ਇਸ ਘਨੌਣੀ ਹਰਕਤ ਲਈ ਦੇ ਸਭ ਦੇ ਸਾਹਮਣੇ ਅਧਿਆਪਕਾਵਾਂ ਕੋਲੋਂ ਲਿਖਤੀ ਰੂਪ 'ਚ ਮੁਆਫ਼ੀ ਮੰਗੀ ਤੇ ਭਵਿੱਖ ਵਿਚ ਅਜਿਹੀ ਕੋਈ ਹਰਕਤ ਨਾ ਕਰਨ ਦਾ ਵਾਅਦਾ ਕੀਤਾ | ਪਤਵੰਤਿਆਂ ਵਲੋਂ ਇਸ ਵਿਅਕਤੀ ਦੀ ਭਵਿੱਖ ਵਿਚ ਕੋਈ ਗ਼ਲਤ ਹਰਕਤ ਨਾ ਕਰਨ ਦੀ ਗਰੰਟੀ ਲੈਣ ਦੇ ਵਾਅਦੇ 'ਤੇ ਸਾਰਿਆਂ ਦੀ ਸਲਾਹ ਨਾਲ ਚੌਕੀ ਇੰਚਾਰਜ ਸ਼ਿੰਦਰਪਾਲ ਨੇ ਸਖ਼ਤ ਕਾਰਵਾਈ ਦੀ ਚੇਤਾਵਨੀ ਦੇ ਕੇ ਛੱਡ ਦਿੱਤਾ | ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵਲੋਂ ਜਿੱਥੇ ਇਸ ਘਿਣਾਉਣੀ ਹਰਕਤ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਤੇ ਪ੍ਰਸ਼ਾਸਨ ਨੂੰ ਅਧਿਆਪਕਾਂ ਵਲੋਂ ਖ਼ਾਸ ਕਰਕੇ ਲੇਡੀ ਟੀਚਰਜ਼ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਲਛਮਣ ਦਾਸ ਸਾਬਕਾ ਪਿ੍ੰਸੀਪਲ, ਅਧਿਆਪਕਾ ਦੇ ਪਤੀ ਸਤਨਾਮ ਸਿੰਘ ਅਧਿਆਪਕ ਜਥੇਬੰਦੀਆਂ ਵਿਚੋਂ ਅਵਤਾਰ ਸਿੰਘ ਧਨੋਆ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਯੂਨੀਅਨ, ਬਲਜਿੰਦਰ ਸਿੰਘ ਸ਼ਾਂਤਪੁਰੀ ਸਾਬਕਾ ਜ਼ਿਲ੍ਹਾ ਪ੍ਰਧਾਨ ਮਾਸਟਰ ਕਾਡਰ ਯੂਨੀਅਨ, ਬਲਵੰਤ ਸਿੰਘ ਕੋਟਲੀ ਜ਼ਿਲ੍ਹਾ ਉਪ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ, ਗੁਰਪ੍ਰੀਤ ਸਿੰਘ ਕੈਬੋ ਬਲਾਕ ਪ੍ਰਧਾਨ ਈ.ਟੀ.ਟੀ. ਅਧਿਆਪਕ ਯੂਨੀਅਨ, ਦਲਜੀਤ ਸਿੰਘ ਜਟਾਣਾ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਕੇਸਰ ਸਿੰਘ, ਰੁਪਿੰਦਰ ਸਿੰਘ ਬੱਸੀ, ਹਰਬੰਸ ਸਿੰਘ ਸਰਪੰਚ ਡੱਲਾਂ, ਜਗਤਾਰ ਸਿੰਘ ਸਰਪੰਚ ਬਹਿਰਾਮਪੁਰ ਬੇਟ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |