ਕਾਹਨਪੁਰ ਖੂਹੀ, 29 ਮਈ (ਗੁਰਬੀਰ ਸਿੰਘ ਵਾਲੀਆ)- ਭਾਜਪਾ ਦੇ ਕੇਂਦਰੀ ਸੰਸਦੀ ਬੋਰਡ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੇ ਫਾਰਮ ਹਾਊਸ ਦੇ ਪਿੱਛੇ ਖੇਤਾਂ ਵਿਚ ਅੱਜ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲਗਭਗ 100 ਏਕੜ ਜ਼ਮੀਨ ਅੱਗ ਦੀ ਲਪੇਟ ਵਿਚ ਆ ਗਈ | ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਦੇ ਇਕਬਾਲ ਸਿੰਘ ਲਾਲਪੁਰਾ ਦੇ ਘਰ ਤੱਕ ਪਹੁੰਚਣ ਦਾ ਵੀ ਖ਼ਤਰਾ ਬਣ ਗਿਆ ਸੀ | ਘਟਨਾ ਮਗਰੋਂ ਭਾਜਪਾ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਪ੍ਰਸ਼ਾਸਨ, ਫਾਇਰ ਬਿ੍ਗੇਡ ਤੇ ਪੁਲਿਸ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ | ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਉਹ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਸਬੰਧੀ ਰੂਪਨਗਰ ਵਿਚ ਮੌਜੂਦ ਸਨ, ਜਦੋਂ ਉਨ੍ਹਾਂ ਨੂੰ ਫ਼ੋਨ ਰਾਹੀਂ ਜਾਣਕਾਰੀ ਮਿਲੀ ਕਿ ਫਾਰਮ ਹਾਊਸ ਦੇ ਪਿੱਛੇ ਖੇਤਾਂ ਵਿਚ ਅੱਗ ਲੱਗ ਗਈ ਹੈ | ਸੂਚਨਾ ਮਿਲਦਿਆਂ ਹੀ ਉਹ ਤੁਰੰਤ ਮੌਕੇ ਲਈ ਰਵਾਨਾ ਹੋਏ | ਪਰਿਵਾਰਕ ਮੈਂਬਰਾਂ ਵਲੋਂ ਅੱਗ ਲੱਗਣ ਦੀ ਜਾਣਕਾਰੀ ਫਾਇਰ ਬਿ੍ਗੇਡ ਨੂੰ ਕਰੀਬ ਡੇਢ ਘੰਟਾ ਪਹਿਲਾਂ ਦੇ ਦਿੱਤੀ ਗਈ ਸੀ ਪਰ ਫਾਇਰ ਬਿ੍ਗੇਡ ਦੀ ਗੱਡੀ ਬਹੁਤ ਦੇਰ ਨਾਲ ਮੌਕੇ 'ਤੇ ਪਹੁੰਚੀ | ਇਸ ਦੌਰਾਨ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨੇ ਬਾਲਟੀਆਂ ਤੇ ਹੋਰ ਸਾਧਨਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਲਗਾਤਾਰ ਨੇੜਲੇ ਖੇਤਾਂ 'ਚ ਫੈਲਦੀ ਗਈ | ਲਾਲਪੁਰਾ ਨੇ ਦੱਸਿਆ ਕਿ ਜਦੋਂ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਤਾਂ ਉਸ ਵਿਚ ਕੇਵਲ ਇੱਕ ਆਪਰੇਟਰ ਹੀ ਮੌਜੂਦ ਸੀ ਜਦਕਿ ਹੈਲਪਰ ਨੂੰ ਪੁਲਿਸ ਵਿਭਾਗ ਵਿਚ ਕਿਸੇ ਫਾਈਲ ਵਰਕ ਲਈ ਲਗਾਇਆ ਗਿਆ ਹੋਇਆ ਸੀ | ਉਨ੍ਹਾਂ ਸਵਾਲ ਕੀਤਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਲਈ ਆਖ਼ਰ ਜ਼ਿੰਮੇਵਾਰ ਕੌਣ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸਥਾਨਕ ਪੁਲਿਸ ਚੌਕੀ ਇੰਚਾਰਜ ਨੇ ਲਗਭਗ ਦੋ ਘੰਟਿਆਂ ਬਾਅਦ ਫ਼ੋਨ ਕਰ ਕੇ ਲੋਕੇਸ਼ਨ ਬਾਰੇ ਪੁੱਛਿਆ ਤੇ ਦੱਸਿਆ ਕਿ ਉਹ ਨੰਗਲ ਵਿਚ ਚੋਣ ਡਿਊਟੀ ਵਿਚ ਸਨ | ਲਾਲਪੁਰਾ ਨੇ ਪੁਲਿਸ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇ ਕਿਸੇ ਐਮਰਜੈਂਸੀ ਵਰਗੀ ਸਥਿਤੀ ਬਣ ਜਾਵੇ ਤਾਂ ਕੀ ਪੂਰੇ ਇਲਾਕੇ ਲਈ ਸਿਰਫ਼ ਇੱਕ ਹੀ ਚੌਕੀ ਇੰਚਾਰਜ ਹੋਵੇਗਾ | ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਜਿਸ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ, ਉਹ ਸਰਕਾਰ ਦੀ ਨਹੀਂ, ਸਗੋਂ ਪੀਰ ਬਾਬਾ ਜਿੰਦਾ ਸ਼ਹੀਦ ਸੋਸਾਇਟੀ ਦੀ ਹੈ, ਜੋ ਲੋਕਾਂ ਦੇ ਸੰਘਰਸ਼ ਨਾਲ ਮਿਲੀ ਸੀ | ਉਨ੍ਹਾਂ ਕਿਹਾ ਕਿ ਇਸ ਗੱਡੀ ਦਾ ਖਰਚਾ ਤੇ ਕਰਮਚਾਰੀਆਂ ਦੀ ਤਨਖ਼ਾਹ ਵੀ ਸੋਸਾਇਟੀ ਵਲੋਂ ਹੀ ਦਿੱਤੀ ਜਾਂਦੀ ਹੈ |