28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਹੀਂ ਮਿਲਿਆ ਨਗਰ ਕੌਂਸਲ ਨੰਗਲ ਦੀਆਂ ਚੋਣਾਂ 'ਚ ਸਪੱਸ਼ਟ ਬਹੁਮਤ <br/>

Ad Position 21
No active advertisement
ਅਜੀਤ ਡੈਸਕ 01-06-2026
ਨੰਗਲ, 31 ਮਈ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਦੀਆਂ ਅਮੀਰ ਨਗਰ ਕੌਂਸਲਾਂ ਵਿਚ ਸ਼ੁਮਾਰ ਕਰੋੜਾਂ ਰੁਪਏ ਦਾ ਵੱਡਾ ਸਾਲਾਨਾ ਬਜਟ ਰੱਖਣ ਵਾਲੀ ਨਗਰ ਕੌਂਸਲ ਨੰਗਲ ਦੇ 19 ਵਾਰਡਾਂ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਕਿਸੇ ਵੀ ਇੱਕ ਰਾਜਨੀਤਿਕ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲ ਸਕਿਆ | ਨਤੀਜਿਆਂ ਅਨੁਸਾਰ ਕਾਂਗਰਸ ਪਾਰਟੀ 8 ਸੀਟਾਂ ਲੈ ਕੇ ਵੱਡੀ ਸਿਆਸੀ ਧਿਰ ਵਜੋਂ ਉੱਭਰੀ ਹੈ ਜਦੋਂ ਆਮ ਆਦਮੀ ਪਾਰਟੀ ਨੂੰ 7 ਸੀਟਾਂ ਤੇ ਭਾਜਪਾ ਨੂੰ 3 ਤੇ ਇਕ ਆਜ਼ਾਦ ਉਮੀਦਵਾਰ ਜਿੱਤਿਆ ਹੈ | ਦੱਸਣਯੋਗ ਹੈ ਕਿ ਇਹ ਚੋਣ ਸਮੁੱਚੀਆਂ ਸਿਆਸੀ ਧਿਰਾਂ ਵੱਲੋਂ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸੈਮੀਫਾਈਨਲ ਮੰਨ ਕੇ ਲੜੀਆਂ ਗਈਆਂ ਸਨ | ਕਾਂਗਰਸ ਪਾਰਟੀ ਵੱਲੋਂ ਚੋਣ ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ ਪੂਰੇ ਜੋਸ਼ੋ ਖਰੋਸ਼ ਨਾਲ ਲੜੀ ਗਈ, ਜਦੋਂ ਕਿ ਆਮ ਆਦਮੀ ਪਾਰਟੀ ਵਲੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਖ਼ੁਦ ਸੰਭਾਲ ਕੇ ਜੀਅ ਜਾਨ ਨਾਲ ਚੋਣ ਲੜੀ ਤੇ ਇਸੇ ਤਰ੍ਹਾਂ ਭਾਜਪਾ ਵੱਲੋਂ ਸੂਬੇ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਜ਼ੋਰ ਸ਼ੋਰ ਨਾਲ ਚੋਣ ਲੜੀ ਗਈ ਸੀ |
ਨਗਰ ਕੌਂਸਲ ਨੰਗਲ ਦੇ ਬੀਤੇ ਦਿਨੀਂ ਆਏ ਚੋਣ ਨਤੀਜਿਆਂ ਵਿਚ ਸਪਸ਼ਟ ਬਹੁਮਤ ਦੋਵੇਂ ਸਿਆਸੀ ਧਿਰਾਂ ਨੂੰ ਨਾ ਮਿਲਣ ਮਗਰੋਂ ਹੁਣ ਸਭ ਦੀਆਂ ਨਿਗਾਹਾਂ ਭਾਜਪਾ ਤੇ ਇੱਕ ਆਜ਼ਾਦ ਉਮੀਦਵਾਰ ਵੱਲ ਨੂੰ ਟਿਕੀਆਂ ਹੋਈਆਂ ਹਨ ਕਿਉਂਕਿ ਭਾਜਪਾ ਦੇ ਤਿੰਨ ਉਮੀਦਵਾਰ ਜਿੱਤੇ ਹੋਏ ਹਨ ਜਦੋਂ ਕਿ ਇੱਕ ਆਜ਼ਾਦ ਉਮੀਦਵਾਰ ਹੈ | ਆਮ ਆਦਮੀ ਪਾਰਟੀ ਕੋਲ ਸੱਤ ਸੀਟਾਂ ਦੇ ਨਾਲ ਇੱਕ ਵੋਟ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦੀ ਵੀ ਹੈ ਤੇ ਉਨ੍ਹਾਂ ਵੱਲੋਂ ਨਗਰ ਕੌਂਸਲ ਬਣਾਉਣ ਦਾ ਦਾਅਵਾ ਵੀ ਕੀਤਾ ਜਾ ਚੁੱਕਾ ਹੈ |
ਦੱਸਣਯੋਗ ਹੈ ਕਿ ਉਹ ਖ਼ੁਦ ਸਥਾਨਕ ਸਰਕਾਰਾਂ ਬਾਰੇ ਦੇ ਵਿਭਾਗ ਦੇ ਮੰਤਰੀ ਵੀ ਹਨ | ਦੂਜੇ ਪਾਸੇ ਅੱਤ ਭਰੋਸੇਯੋਗ ਵਸੀਲਿਆਂ ਤੋਂ ਪਤਾ ਚੱਲਿਆ ਹੈ ਕਿ ਬੀਤੇ ਕੱਲ੍ਹ ਭਾਜਪਾ ਵੱਲੋਂ ਚੋਣ ਲੜਨ ਵਾਲੇ ਸਮੁੱਚੇ ਉਮੀਦਵਾਰਾਂ ਲਈ ਦੁਪਹਿਰ ਦਾ ਖਾਣਾ ਵੀ ਕਿਸੇ ਬਹੁ ਚਰਚਿਤ ਢਾਬੇ 'ਤੇ ਰੱਖਿਆ ਗਿਆ ਪਰ ਉੱਥੇ ਭਾਜਪਾ ਟਿਕਟ ਤੋਂ ਚੋਣ ਜਿੱਤੇ ਦੋ ਉਮੀਦਵਾਰ ਗੈਰ-ਹਾਜ਼ਰ ਰਹੇ | ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਭਾਜਪਾ ਦੇ ਜਿੱਤੇ ਹੋਏ ਤਿੰਨੋ ਕੌਂਸਲਰਾਂ ਦਾ ਸੰਬੰਧ ਸਿੱਧੇ ਤੌਰ 'ਤੇ ਦੋ ਵੱਖ-ਵੱਖ ਆਗੂਆਂ ਨਾਲ ਹੈ ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਛਿੜ ਗਈਆਂ ਹਨ | ਪਿਛਲੇ ਪੰਜ ਸਾਲ ਨਗਰ ਕੌਂਸਲ 'ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਵੱਲੋਂ ਬੇਸ਼ੱਕ ਸਭ ਤੋਂ ਜ਼ਿਆਦਾ ਸੀਟਾਂ ਲਈਆਂ ਹਨ ਪਰ ਕੌਂਸਲ ਬਣਾਉਣ ਬਾਰੇ ਫ਼ਿਲਹਾਲ ਅਧਿਕਾਰਕ ਤੌਰ 'ਤੇ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ | ਨਗਰ ਕੌਂਸਲ ਨੰਗਲ ਦੀ ਪ੍ਰਧਾਨਗੀ ਦਾ ਤਾਜ ਕਿਹੜੀ ਸਿਆਸੀ ਧਿਰ ਦੇ ਕਿਸ ਆਗੂ ਦੇ ਸਿਰ 'ਤੇ ਸਜੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ |
ਵੱਖ-ਵੱਖ ਵਾਰਡਾਂ ਤੋਂ ਜੇਤੂ
ਰਹੇ ਉਮੀਦਵਾਰਾਂ ਦਾ ਵੇਰਵਾ
ਵਾਰਡ ਨੰਬਰ ਇੱਕ ਤੋਂ ਜੇਤੂ ਲਖਵੀਰ ਸਿੰਘ ਲੱਕੀ ਕਾਂਗਰਸ, ਵਾਰਡ ਨੰਬਰ 2 ਤੋਂ ਸਨੇਹਾ ਸਾਹਨੀ ਕਾਂਗਰਸ, ਵਾਰਡ ਨੰਬਰ 3 ਤੋਂ ਮਨਜੋਤ ਸਿੰਘ ਰਾਣਾ 'ਆਪ', ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਜਸਪ੍ਰੀਤ ਕੌਰ, ਵਾਰਡ ਨੰਬਰ 5 ਤੋਂ ਰਣਜੀਤ ਸਿੰਘ ਲੱਕੀ ਬੀਜੇਪੀ, ਵਾਰਡ ਨੰਬਰ 6 ਤੋਂ ਜੇਤੂ ਵੰਦਨਾ ਰਾਣੀ ਕਾਂਗਰਸ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਸੋਨੀਆ ਸੈਣੀ, ਵਾਰਡ ਨੰਬਰ 8 ਤੋਂ ਆਪ ਦੀ ਕਮਲਾ ਦੇਵੀ, ਵਾਰਡ ਨੂੰ 9 ਤੋਂ ਕਾਂਗਰਸ ਦੀ ਇੰਦੂ ਬਾਲਾ, ਵਾਰਡ 10 ਤੋਂ ਭਾਜਪਾ ਦੀ ਮਮਤਾ, ਵਾਰਡ ਨੰਬਰ 11 ਤੋਂ ਆਪ ਦੇ ਰਾਜੇਸ਼ ਕੁਮਾਰ, ਵਾਰਡ ਨੰਬਰ 12 ਤੋਂ ਆਪ ਕੋਸ਼ਿਸ਼ ਵਰਮਾ, ਵਾਰਡ ਨੰਬਰ 13 ਤੋਂ ਆਪ ਦੇ ਹਰਦੀਪ ਸਿੰਘ, ਵਾਰਡ ਨੰਬਰ 14 ਤੋਂ ਸੁਰਿੰਦਰ ਕੌਰ ਕਾਂਗਰਸ, ਵਾਰਡ ਨੰਬਰ 15 ਤੋਂ ਭਾਜਪਾ ਦੇ ਡਾ.ਰਜਿੰਦਰ ਕੁਮਾਰ, ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਕਿਰਨ ਬਾਲਾ, ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ ਰਾਮੇਸ਼ ਕੁਮਾਰ, ਵਾਰਡ ਨੰਬਰ 18 ਤੋਂ ਕਾਂਗਰਸ ਦੇ ਉਮੀਦਵਾਰ ਸਪਨਾ ਨੰਦਾ ਅਤੇ ਵਾਰਡ ਨੰਬਰ 19 ਤੋਂ ਕਾਂਗਰਸ ਦੀ ਉਮੀਦਵਾਰ ਅਨੀਤਾ ਸ਼ਰਮਾ ਜੇਤੂ ਰਹੀ |

Ad Position 22
No active advertisement
ਪਿਛਲੀ ਖ਼ਬਰ ਸਥਾਨਕ ਸਰਕਾਰਾਂ ਚੋਣਾਂ 'ਚ 'ਆਪ' ਨੇ ਧੱਕੇਸ਼ਾਹੀ ਕਰਕੇ ਲੋਕਤੰਤਰ ਦਾ ਘਾਣ ਕੀਤਾ-ਕੰਗ <br/> ਅਗਲੀ ਖ਼ਬਰ ਕਮਲ ਚੌਹਾਨ ਟੇਡੇਵਾਲ ਵਲੋਂ ਪੰਜਾਬ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ 'ਚ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸਮਾਗਮ
Ad Position 24