ਨੰਗਲ, 31 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਨਗਰ ਕੌਂਸਲ ਨੰਗਲ ਦੀਆਂ ਚੋਣਾਂ ਵਿਚ ਸ਼ਹਿਰ ਵਾਸੀਆਂ ਵਲੋਂ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾ ਕੇ ਸਭ ਤੋਂ ਵੱਡੀ ਸਿਆਸੀ ਧਿਰ ਵਜੋਂ ਉਭਾਰਨ ਲਈ ਦਿੱਤੇ ਗਏ ਫ਼ਤਵੇ ਵਾਸਤੇ ਧੰਨਵਾਦ ਕੀਤਾ ਗਿਆ | ਰਾਣਾ ਨੇ ਕਿਹਾ ਕਿ ਪਿਛਲੇ ਪੰਜ ਸਾਲ ਨਗਰ ਕੌਂਸਲ ਨੰਗਲ ਵਿਚ ਕਾਂਗਰਸ ਪਾਰਟੀ ਦੇ ਕੌਂਸਲਰਾਂ ਵਲੋਂ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਨਿਰਪੱਖ ਤੌਰ 'ਤੇ ਜਨਤਾ ਦੀ ਸੇਵਾ ਕੀਤੀ ਗਈ , ਜਿਸ ਤੋਂ ਸ਼ਹਿਰਵਾਸੀ ਸੰਤੁਸ਼ਟ ਸਨ | ਸਾਬਕਾ ਸਪੀਕਰ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਭਾਰੀ ਦਬਾਅ ਦੇ ਚੱਲਦਿਆਂ ਸ਼ਹਿਰ ਵਾਸੀਆਂ ਵਲੋਂ ਫਿਰ ਵੀ ਬੇਖ਼ੌਫ ਹੋ ਕੇ ਅੰਤਾਂ ਦੀ ਗਰਮੀ ਵਿਚ ਲਾਈਨਾਂ 'ਚ ਲੱਗ ਕੇ ਸਰਕਾਰ ਦੇ ਉਲਟ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ, ਜੋ ਕਿ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਸੂਬੇ ਅੰਦਰ ਸਿਆਸੀ ਵਾਗਡੋਰ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਫੜਾਉਣ ਲਈ ਆਪਣਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਾਂਗਰਸ ਪਾਰਟੀ ਦੇ ਤਮਾਮ ਵਰਕਰਾਂ ਅਤੇ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਸਮੁੱਚੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਚ ਪੈਂਦੀਆਂ ਤਿੰਨ ਨਗਰ ਕੌਂਸਲਾਂ ਦੀਆਂ ਚੋਣਾਂ ਪੂਰੇ ਜ਼ੋਰ ਸ਼ੋਰ ਨਾਲ ਲੜੀਆਂ ਹਨ | ਰਾਣਾ ਨੇ ਕਿਹਾ ਕਿ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਇੰਪਰੂਵਮੈਂਟ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਲੰਬੜਦਾਰ ਧਰਮਪਾਲ ਸੋਢੀ, ਅਸ਼ੋਕ ਰਾਣਾ, ਕਪੂਰ ਸਿੰਘ, ਚੰਦਨ ਰਾਣਾ ਚਿੰਪੂ, ਰਮਨ ਕੁਮਾਰ ਆਰਕੇ ਆਦਿ ਹਾਜ਼ਰ ਸਨ |