ਨੂਰਪੁਰ ਬੇਦੀ, 31 ਮਈ (ਹਰਦੀਪ ਸਿੰਘ ਢੀਂਡਸਾ)-ਸੋਸ਼ਲ ਫਰੈਂਡਜ਼ ਵੈੱਲਫੇਅਰ ਕਲੱਬ ਵਲੋਂ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਉਪ ਚੇਅਰਮੈਨ ਬਣਨ 'ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸਰਾਜ ਸੈਣੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ੍ਰੀ ਸੈਣੀ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਵਧਾਈ ਦਿੱਤੀ | ਲੱਡੂ ਖੁਆ ਕੇ ਉਨ੍ਹਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ | ਸਮਾਗਮ ਦੌਰਾਨ ਕਲੱਬ ਦੇ ਮੈਂਬਰਾਂ ਜਰਨੈਲ ਸਿੰਘ ਲਾਲੀ ਮੈਂਬਰ ਜ਼ਿਲ੍ਹਾ ਪਰਿਸ਼ਦ ਤੇ ਕੇਸਰ ਸਿੰਘ ਮੂਸਾਪੁਰ ਨੇ ਕਿਹਾ ਕਿ ਸਾਡੇ ਕਲੱਬ ਦੀ ਇਹ ਪਰੰਪਰਾ ਰਹੀ ਹੈ ਕਿ ਕਲੱਬ ਦਾ ਕੋਈ ਵੀ ਮੈਂਬਰ ਅਗਰ ਕੋਈ ਪ੍ਰਾਪਤੀ ਕਰਦਾ ਹੈ ਤਾਂ ਉਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਨਿਰਮਲ ਸਿੰਘ ਸਾਂ ਸਰਪੰਚ ਰੋਲ਼ੀ, ਕਰਨੈਲ ਸਿੰਘ ਆਜ਼ਮਪੁਰ, ਲੈਕਚਰਾਰ ਚਰਨਜੀਤ ਸਿੰਘ ਥਾਣਾ, ਗੀਤਕਾਰ ਪਾਲੀ ਰਾਏਪੁਰ, ਇੰਜ ਸੁਰਿੰਦਰ ਸੈਣੀ ਬੜਵਾ ਅਤੇ ਮਾ ਨਿਰਮਲ ਸਿੰਘ ਲਾਲਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਾਡੇ ਕਲੱਬ ਦੇ ਸਰਗਰਮ ਮੈਂਬਰ ਦੇਸ ਰਾਜ ਸੈਣੀ ਜ਼ਿਲ੍ਹਾ ਪ੍ਰੀਸ਼ਦ ਰੋਪੜ ਦੇ ਉਪ ਚੇਅਰਮੈਨ ਚੁਣੇ ਗਏ ਹਨ | ਉਨ੍ਹਾਂ ਆਸ ਪ੍ਰਗਟਾਈ ਕਿ ਸ੍ਰੀ ਸੈਣੀ ਆਪਣੇ ਨਵੇਂ ਅਹੁਦੇ 'ਤੇ ਰਹਿੰਦਿਆਂ ਜ਼ਿਲ੍ਹੇ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੋਰ ਵੱਧ ਯੋਗਦਾਨ ਪਾਉਣਗੇ | ਇਸ ਮੌਕੇ ਸ੍ਰੀ ਦੇਸਰਾਜ ਸੈਣੀ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਵਲੋਂ ਦਿੱਤੇ ਗਏ ਪਿਆਰ ਅਤੇ ਸਤਿਕਾਰ ਨੂੰ ਹਮੇਸ਼ਾ ਯਾਦ ਰੱਖਣਗੇ ਅਤੇ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਵਾਈਸ ਚੇਅਰਮੈਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ |