ਨੰਗਲ, 31 ਮਈ (ਪ੍ਰੀਤਮ ਸਿੰਘ ਬਰਾਰੀ)- ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਸੰਜੇ ਸਾਹਨੀ ਦੀ ਪਤਨੀ ਮੈਡਮ ਨੇਹਾ ਸਾਹਨੀ ਜੋ ਕਿ ਸ਼ਹਿਰ ਦੇ ਵਾਰਡ ਨੰਬਰ ਦੋ ਮੁਹੱਲਾ ਪੁਰਾਣਾ ਗੁਰਦੁਆਰਾ ਤੋਂ ਪਹਿਲੀ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਨਗਰ ਕੌਂਸਲ ਦੀ ਚੋਣ ਲੜੇ ਸਨ, ਨੇ ਆਪਣੇ ਵਿਰੋਧੀਆਂ ਨੂੰ ਭਾਰੀ ਵੋਟਾਂ ਨਾਲ ਪਛਾੜ ਕੇ ਵੱਡੀ ਲੀਡ ਹਾਸਲ ਕਰ ਕੇ ਨਵਾਂ ਸਿਆਸੀ ਇਤਿਹਾਸ ਸਿਰਜਿਆ ਹੈ | ਦੱਸਣਯੋਗ ਹੈ ਕਿ ਇਸੇ ਵਾਰਡ ਤੋਂ ਪਹਿਲਾਂ ਦੋ ਵਾਰੀ ਲਗਾਤਾਰ ਬਤੌਰ ਕੌਂਸਲਰ ਸੰਜੇ ਸਾਹਨੀ ਚੁਣੇ ਗਏ ਸਨ ਤੇ ਹੁਣ ਰਾਖਵਾਂਕਰਨ ਤਹਿਤ ਇਹ ਸੀਟ ਔਰਤਾਂ ਵਾਸਤੇ ਰਿਜ਼ਰਵ ਹੋਣ ਉਪਰੰਤ ਉਨ੍ਹਾਂ ਦੇ ਪਤਨੀ ਮੈਡਮ ਨੇਹਾ ਸਾਹਨੀ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਸਨ | ਇਹਨਾਂ ਦੇ ਵਾਰਡ ਵਿਚ ਜਿੱਥੇ ਕੁੱਲ 968 ਵੋਟਾਂ ਪੋਲ ਹੋਈਆਂ ਸਨ ਉਨ੍ਹਾਂ ਵਿਚੋਂ 640 ਵੋਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੇਵਲ 203 ਵੋਟਾਂ 'ਤੇ ਹੀ ਸਬਰ ਕਰਨਾ ਪਿਆ ਸੀ ਤਾਂ ਇਸ ਤਰ੍ਹਾਂ ਇਹਨਾਂ ਵੱਲੋਂ 437 ਵੋਟਾਂ ਦੀ ਵੱਡੀ ਲੀਡ ਹਾਸਲ ਕਰ ਕੇ ਜਿੱਥੇ ਇਤਿਹਾਸਿਕ ਜਿੱਤ ਦਰਜ ਕਰਵਾਈ ਗਈ ਉੱਥੇ ਹੀ ਸ਼ਹਿਰ ਦੀ ਸਿਆਸਤ ਵਿਚ ਇੱਕ ਨਵੀਂ ਸਿਆਸੀ ਇਬਾਰਤ ਵੀ ਲਿਖ ਦਿੱਤੀ | ਦੱਸਣਯੋਗ ਹੈ ਕਿ ਸੰਜੇ ਸਾਹਨੀ ਬਲਾਕ ਕਾਂਗਰਸ ਕਮੇਟੀ ਦੇ ਵੀ ਪਿਛਲੇ ਕਰੀਬ ਪੌਣੇ ਦੋ ਦਹਾਕਿਆਂ ਤੋਂ ਪ੍ਰਧਾਨ ਚੱਲੇ ਆ ਰਹੇ ਹਨ | ਉਨ੍ਹਾਂ ਵੱਲੋਂ ਵਾਰਡ ਵਿਚ ਕਰਵਾਏ ਗਏ ਜ਼ਿਕਰਯੋਗ ਵਿਕਾਸ ਕਾਰਜਾਂ 'ਤੇ ਲਗਾਤਾਰ ਵਾਰਡ ਵਾਸੀਆਂ ਵੱਲੋਂ ਮੋਹਰ ਲਗਾਈ ਜਾ ਰਹੀ ਹੈ | ਸੰਜੇ ਸਾਹਨੀ ਤੇ ਉਨ੍ਹਾਂ ਦੀ ਕੌਂਸਲਰ ਬਣੀ ਪਤਨੀ ਮੈਡਮ ਨੇਹਾ ਸਾਹਨੀ ਨੇ ਵੋਟਰਾਂ, ਕਾਂਗਰਸ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਵੱਲੋਂ ਵੋਟਾਂ ਪਾ ਕੇ ਦਿੱਤੇ ਗਏ ਅਥਾਹ ਪਿਆਰ ਸਤਿਕਾਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ ਤੇ ਪਹਿਲਾਂ ਦੀ ਤਰ੍ਹਾਂ ਦਿਨ ਰਾਤ ਸੇਵਾ ਕਰਦੇ ਰਹਿਣਗੇ |