ਸ੍ਰੀ ਚਮਕੌਰ ਸਾਹਿਬ, 31 ਮਈ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣੇ ਹਾਈਵੇਅ ਦੇ ਵੱਖ-ਵੱਖ ਥਾਵਾਂ 'ਤੇ ਛੱਡੇ ਅਧੂਰੇ ਅੰਡਰ ਪਾਸ 'ਚ ਪਾਣੀ ਭਰ ਗਿਆ ਜਿਸ ਨਾਲ ਇਨ੍ਹਾਂ ਸੜਕਾਂ 'ਤੇ ਆਉਣ ਜਾਣ ਵਾਲਿਆਂ ਲਈ ਨਵੀਂ ਮੁਸੀਬਤ ਪੈਦਾ ਹੋ ਗਈ | ਪਿੰਡ ਝੱਲੀਆਂ ਕਲਾਂ, ਮਕੜੋਨਾ, ਓਇੰਦ ਆਦਿ ਥਾਵਾਂ 'ਤੇ ਕਿਸਾਨ ਨਾਂ ਲਈ ਆਪਣੀਆਂ ਜ਼ਮੀਨਾਂ ਵਿਚ ਜਾਣ ਲਈ ਛੱਡੇ ਅੰਡਰਪਾਸ ਸਨਿਚਰਵਾਰ ਨੂੰ ਹੋਈ ਭਾਰੀ ਬਾਰਸ਼ ਕਾਰਨ ਛੱਪੜ ਬਣੇ ਹੋਏ ਹਨ ਤੇ ਇਨ੍ਹਾਂ ਵਿਚ ਦੋ ਤੋਂ ਤਿੰਨ ਫੁੱਟ ਪਾਣੀ ਭਰ ਗਿਆ | ਇਨ੍ਹਾਂ ਅੰਡਰ ਪਾਸ ਨੂੰ ਪੱਕਾ ਕਰਵਾਉਣ ਤੇ ਹਾਈਵੇਅ ਹੇਠ ਪਾਣੀ ਦੇ ਨਿਕਾਸ ਦੇ ਸਹੀ ਪ੍ਰਬੰਧ ਕਰਵਾਉਣ ਲਈ ਭਾਰਤ ਮਾਲਾ ਹਾਈਵੇਅ ਸੰਘਰਸ਼ ਕਮੇਟੀ ਇਲਾਕਾ ਸ੍ਰੀ ਚਮਕੌਰ ਸਾਹਿਬ ਵਲੋਂ ਹਾਈਵੇਅ ਅਥਾਰਿਟੀ ਦੇ ਗੱਗੋਂ ਵਿਚਲੇ ਪਲਾਂਟ ਤੇ 13 ਮਈ ਤੋਂ ਅਣਮਿਥੇ ਸਮੇਂ ਲਈ ਧਰਨਾ ਚੱਲ ਰਿਹਾ ਹੈ | ਇਸੇ ਕਮੇਟੀ ਵਲੋਂ ਜਦੋਂ ਅੱਜ ਇਨ੍ਹਾਂ ਥਾਵਾਂ 'ਤੇ ਜਾ ਕੇ ਵੇਖਿਆ ਤਾਂ ਉਥੇ ਮੌਜੂਦ ਕਿਸਾਨਾਂ ਨੇ ਰੋਸ ਜਤਾਇਆ ਕਿ ਹਾਈਵੇਅ ਜਿੱਥੇ ਉਨ੍ਹਾਂ ਦੀਆਂ ਜ਼ਮੀਨਾਂ ਖਾ ਗਿਆ ਉੱਥੇ ਹੀ ਅਜਿਹੀਆਂ ਨਵੀਆਂ ਮੁਸੀਬਤਾਂ ਵੀ ਪੈਦਾ ਕਰ ਗਿਆ | ਸੰਘਰਸ਼ ਕਮੇਟੀ ਦੇ ਆਗੂ ਜਸਪ੍ਰੀਤ ਸਿੰਘ ਜੱਸਾ ਜ਼ਿਲ੍ਹਾ ਪ੍ਰਧਾਨ ਭਾਕਿਯੂ (ਖੋਸਾ) ਰੂਪਨਗਰ ਤੇ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਹਾਈਵੇਅ ਅਥਾਰਿਟੀ ਦੇ ਇੰਜੀਨੀਅਰਾਂ ਦੀ ਨਲਾਇਕੀ ਦਾ ਨੁਕਸਾਨ ਇਲਾਕੇ ਦੇ ਕਿਸਾਨਾਂ ਨੂੰ ਸਹਿਣਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਅੰਡਰ ਪਾਸ ਪਹਿਲਾਂ ਪੌਣੇ 15 ਫੁੱਟ ਉੱਚੇ ਰੱਖੇ ਗਏ ਸਨ ਜਿਨ੍ਹਾਂ ਥੱਲਿਓਾ ਕਿਸਾਨਾਂ ਦੀ ਮਸ਼ੀਨਰੀ ਫ਼ਸਲਾਂ ਆਦਿ ਦੀ ਢੋਆ ਢੁਆਈ ਨਾ-ਮੁਮਕਿਨ ਸੀ ਜਿਸ ਨੂੰ ਉੱਚਾ ਚੁਕਵਾਉਣ ਲਈ ਕੀਤੇ ਸੰਘਰਸ਼ ਤੋਂ ਬਾਅਦ ਹਾਈਵੇਅ ਦੀ ਉਚਾਈ ਵਧਾਉਣ ਦੀ ਥਾਂ ਹਾਈਵੇਅ ਨੂੰ ਹੇਠਾਂ ਤੋਂ ਡੂੰਘਾ ਕਰਕੇ ਨਵੀਂ ਮੁਸੀਬਤ ਖੜੀ ਕਰ ਦਿੱਤੀ ਤੇ ਉਹ ਵੀ ਕੱਚੇ ਛੱਡ ਦਿੱਤੇ ਜਿੱਥੇ ਅੱਜ ਮੀਂਹ ਕਾਰਨ 3-3 ਫੁੱਟ ਤੱਕ ਪਾਣੀ ਖੜ੍ਹਾ ਹੈ ਤੇ ਆਵਾਜਾਈ ਬੰਦ ਹੋ ਗਈ | ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਹਾਈਵੇਅ ਅਥਾਰਿਟੀ ਨੇ ਜਲਦੀ ਇਸ ਮਸਲੇ ਨੂੰ ਹੱਲ ਨਾ ਕੀਤਾ ਤਾਂ ਇੱਥੇ ਸੂਬੇ ਭਰ ਦੇ ਕਿਸਾਨਾਂ ਨੂੰ ਇਕੱਠਾ ਕਰਕੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਹਾਈਵੇਅ ਅਥਾਰਿਟੀ ਦੀ ਹੋਵੇਗੀ | ਇਸ ਮੌਕੇ ਮਨਿੰਦਰ ਸਿੰਘ ਗੱਗੋਂ, ਹਰਜਿੰਦਰ ਸਿੰਘ ਦੁੱਗਰੀ, ਗੁਰਜੀਤ ਸਿੰਘ ਤਾਲਾਪੁਰ, ਗੁਰਪ੍ਰੀਤ ਸਿੰਘ ਦੁੱਗਰੀ, ਬਲਵਿੰਦਰ ਸਿੰਘ ਝੱਲੀਆਂ ਕਲਾਂ, ਦਿਲਬਾਗ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਗਿੱਲ ਸਾਬਕਾ ਸਰਪੰਚ, ਰਾਜਿੰਦਰ ਸਿੰਘ, ਜਥੇਦਾਰ ਰੁਲਦਾ ਸਿੰਘ, ਗੱਜਣ ਸਿੰਘ, ਲਖਵੀਰ ਸਿੰਘ ਗਿੱਲ ਝੱਲੀਆਂ ਕਲਾਂ ਆਦਿ ਹਾਜ਼ਰ ਸਨ |