ਨੂਰਪੁਰ ਬੇਦੀ ਵਿਖੇ ਕਾਂਗਰਸੀ ਆਗੂ ਦੇ ਬੰਦ ਪਏ ਸ਼ੋਅਰੂਮ 'ਤੇ ਮੋਟਰ ਸਾਈਕਲ ਸਵਾਰਾਂ ਵਲੋਂ ਫਾਇਰਿੰਗ
ਅਜੀਤ ਡੈਸਕ
01-06-2026
ਨੂਰਪੁਰ ਬੇਦੀ, 31 ਮਈ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)- ਨੂਰਪੁਰ ਬੇਦੀ-ਝੱਜ ਚੌਂਕ ਮਾਰਗ 'ਤੇ ਸਟੇਟ ਬੈਂਕ ਆਫ਼ ਇੰਡੀਆ ਦੇ ਸਾਹਮਣੇ ਸਥਿਤ ਇੱਕ ਕਾਂਗਰਸੀ ਆਗੂ ਦੇ ਸ਼ੋਅਰੂਮ ਦੇ ਸ਼ਟਰ 'ਤੇ ਅੱਜ ਸਵੇਰੇ ਤੜਕਸਾਰ ਇੱਕ ਦਰਜਨ ਤੋਂ ਵੱਧ ਫਾਇਰ ਕੀਤੇ ਜਾਣ ਦਾ ਸਮਾਚਾਰ ਹੈ | ਹਾਲੇ ਕਿ ਇਸ ਫਾਇਰਿੰਗ ਦੌਰਾਨ ਕਿਸੀ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ | ਪੁਲਿਸ ਨੂੰ ਸੂਚਨਾ ਮਿਲਦੇ ਹੀ ਥਾਣਾ ਮੁਖੀ ਗੁਰਮੁਖ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪੁੱਜ ਗਏ ਸਨ | ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਮੌਕੇ 'ਤੇ ਚੱਲੇ ਹੋਏ ਕਰੀਬ ਇੱਕ ਦਰਜਨ ਕਾਰਤੂਸ ਵੀ ਬਰਾਮਦ ਹੋਏ ਹਨ | ਘਟਨਾ ਸਥਾਨ ਦੇ ਆਸ-ਪਾਸ ਦੇ ਰਿਹਾਇਸ਼ੀ ਦੁਕਾਨਦਾਰਾਂ ਨੇ ਦੱਸਿਆ ਕਿ ਐਤਵਾਰ ਸਵੇਰੇ ਤੜਕਸਾਰ ਕਰੀਬ 3.25 'ਤੇ ਉਨ੍ਹਾਂ ਨੂੰ ਫਾਇਰਿੰਗ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ | ਜਾਣਕਾਰੀ ਅਨੁਸਾਰ ਜਿਸ ਸ਼ੋਅਰੂਮ ਦੇ ਸ਼ਟਰ 'ਤੇ ਫਾਇਰਿੰਗ ਕੀਤੀ ਗਈ ਹੈ ਉੱਥੇ ਪਹਿਲਾਂ ਕਾਂਗਰਸੀ ਆਗੂ ਸੰਦੀਪ ਪਾਠਕ ਦਾ ਸ੍ਰੀ ਗਣੇਸ਼ ਸਕੈਨ ਸੈਂਟਰ ਚੱਲਦਾ ਸੀ ਜੋ ਕਿ ਹੁਣ ਪਿਛਲੇ ਕੁੱਝ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਹੈ | ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ | ਲੋਕਾਂ ਦੇ ਦੱਸਣ ਅਨੁਸਾਰ 2 ਮੋਟਰ ਸਾਈਕਲ ਸਵਾਰ ਨੌਜਵਾਨਾਂ 'ਚੋਂ ਇੱਕ ਨੌਜਵਾਨ ਨੇ ਪਿਸਟਲ ਨਾਲ ਇਹ ਫਾਇਰ ਕੀਤੇ ਹਨ | ਸ਼ੋਅਰੂਮ ਦੇ ਸ਼ਟਰ 'ਤੇ ਗੋਲੀਆਂ ਦੇ ਨਿਸ਼ਾਨ ਸਪਸ਼ਟ ਰੂਪ ਵਿਚ ਦੇਖਣ ਨੂੰ ਮਿਲ ਰਹੇ ਹਨ | ਥਾਣਾ ਮੁਖੀ ਨੇ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਨਜ਼ਰੀਏ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਗੋਲੀਆਂ ਦਹਿਸ਼ਤ ਫੈਲਾਉਣ ਜਾਂ ਕਿਸੀ ਹੋਰ ਮਕਸਦ ਲਈ ਚਲਾਈਆਂ ਗਈਆਂ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਕਿਸੀ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਦੱਸਣਯੋਗ ਹੈ ਕਿ ਬੀਤੀ 10 ਮਈ ਨੂੰ ਵੀ ਨੂਰਪੁਰ ਬੇਦੀ ਸ਼ਹਿਰ ਦੀ ਇੱਕ ਦੁਕਾਨ ਦੇ ਬਾਹਰ ਗੋਲੀ ਚੱਲੀ ਸੀ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋਈ ਸੀ | ਬੀਤੀ ਰਾਤ ਚੱਲਿਆਂ ਗੋਲੀਆਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ |