ਸ੍ਰੀ ਅਨੰਦਪੁਰ ਸਾਹਿਬ, 31 ਮਈ (ਕਰਨੈਲ ਸਿੰਘ)-ਰਾਮਗੜ੍ਹੀਆ ਅਕਾਲ ਜਥੇਬੰਦੀ ਦਾ ਸੂਬਾ ਦਫ਼ਤਰ ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਨ ਨਾਲ ਪੰਜਾਬ ਭਰ ਦੇ ਰਾਮਗੜ੍ਹੀਆ ਭਾਈਚਾਰੇ ਦੀ ਆਵਾਜਾਈ ਲਗਾਤਾਰ ਵੱਧ ਰਹੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਮੁੱਖ ਦਫ਼ਤਰ ਇੰਚਾਰਜ ਜਰਨੈਲ ਸਿੰਘ ਸੱਗੂ ਨੇ ਕੀਤਾ | ਉਨ੍ਹਾਂ ਦੱਸਿਆ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਦੀ ਸਖ਼ਤ ਮਿਹਨਤ ਤੇ ਉਨ੍ਹਾਂ ਦੀ ਅਗਾਂਹਵਧੂ ਸੋਚ ਸਦਕਾ ਜਥੇਬੰਦੀ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣਾ ਮੁੱਖ ਦਫ਼ਤਰ ਬਣਾਉਣ ਵਿਚ ਕਾਮਯਾਬ ਹੋਈ ਹੈ | ਸ. ਸੱਗੂ ਨੇ ਕਿਹਾ ਪੰਜਾਬ ਭਰ ਦੇ ਟੀਮ ਮੈਂਬਰਾਂ ਵਿਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿਚ ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਹਿਮਾਚਲ ਤੋਂ ਵੀ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਮੈਂਬਰ ਦਫ਼ਤਰ ਦੇਖਣ ਲਈ ਬਹੁਤ ਹੀ ਉਤਸ਼ਾਹ ਨਾਲ ਪਹੁੰਚ ਰਹੇ ਹਨ ਤੇ ਉਨ੍ਹਾਂ ਪੰਜਾਬ ਟੀਮ ਦੇ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ 3 ਜੂਨ ਦਿਨ ਬੁੱਧਵਾਰ ਨੂੰ ਪੰਜਾਬ ਟੀਮ ਨਾਲ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਮੀਟਿੰਗ ਕਰਨਗੇ | ਮੀਟਿੰਗ ਵਿਚ ਵਿਧਾਨ ਸਭਾ ਚੋਣਾ ਅਤੇ ਕਈ ਨਵੇਂ ਕਾਰਜ ਸ਼ੁਰੂ ਕਰਨ ਲਈ ਵਿਚਾਰਾਂ ਕੀਤੀਆਂ ਜਾਣਗੀਆਂ |