ਨੰਗਲ, 31 ਮਈ (ਪ੍ਰੀਤਮ ਸਿੰਘ ਬਰਾਰੀ)-ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਨੰਗਲ ਦੀਆਂ ਚੋਣਾਂ 'ਚ ਅÏਸਤੀ ਕਲੋਨੀ ਦੇ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਭਾਰੀ ਫ਼ਤਵਾ ਦਿੱਤਾ ਗਿਆ ਅਤੇ ਇਸ ਇਲਾਕੇ ਵਿਚ ਪੈਂਦੇ ਵੱਖ-ਵੱਖ ਤਿੰਨਾਂ ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਜਿੱਤੇ ਹਨ | ਦੱਸਣਯੋਗ ਹੈ ਕਿ ਵਾਰਡ ਨੰਬਰ 11 ਜਵਾਹਰ ਮਾਰਕੀਟ ਵਿਚ ਆਮ ਆਦਮੀ ਪਾਰਟੀ ਦੇ ਬੇਬਾਕ ਜੁਝਾਰੂ ਆਗੂ ਰਾਜੇਸ਼ ਆਗਰਾ ਲਵਲੀ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਬਾਲੀ ਨੂੰ ਹਰਾ ਕੇ ਚੋਣ ਜਿੱਤੀ ਗਈ ਹੈ ਅਤੇ ਵਾਰਡ ਨੰਬਰ 12 ਵਿਚ ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਆਗੂ ਮੁਕੇਸ਼ ਵਰਮਾ ਦੀ ਧਰਮ ਪਤਨੀ ਕਸ਼ਿਸ਼ ਵਰਮਾ ਵਲੋਂ ਭਾਜਪਾ ਉਮੀਦਵਾਰ ਕਿਰਨ ਦੇਵੀ ਨੂੰ ਹਰਾ ਕੇ ਚੋਣ ਜਿੱਤੇ ਹਨ | ਜਦੋਂ ਕਿ ਵਾਰਡ ਨੰਬਰ 13 ਵਿਚ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹਰਦੀਪ ਸਿੰਘ ਬੈਂਸ ਬਹੁਪੱਖੀ ਮੁਕਾਬਲੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਸ਼ਰਮਾ ਤੋਂ ਚੋਣ ਜਿੱਤੇ ਹਨ | ਦੱਸਣਯੋਗ ਹੈ ਕਿ ਇਸ ਖ਼ਿੱਤੇ ਦੇ ਲੋਕਾਂ ਵਲੋਂ ਪਿਛਲੇ ਸਮੇਂ ਦੌਰਾਨ ਜਦੋਂ ਕਾਂਗਰਸ ਪਾਰਟੀ ਦੀ ਹਕੂਮਤ ਸੀ ਤਾਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੌਂਸਲਰਾਂ ਨੂੰ ਹੀ ਚੁਣਿਆ ਗਿਆ ਸੀ ਅਤੇ ਅੱਜ ਜਦੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਹੁਣ ਆਪ ਦੇ ਤਿੰਨਾਂ ਵਾਰਡਾਂ ਤੋਂ ਉਮੀਦਵਾਰਾਂ ਨੂੰ ਜਿਤਾ ਕੇ ਕੌਂਸਲਰ ਚੁਣਿਆ ਗਿਆ ਹੈ | ਇਨ੍ਹਾਂ ਚੋਣ ਜਿੱਤੇ ਤਿੰਨਾਂ ਉਮੀਦਵਾਰਾਂ ਵਲੋਂ ਇੱਕੋ ਸੁਰ ਵਿਚ ਆਖਿਆ ਗਿਆ ਹੈ ਕਿ ਹਲਕਾ ਵਿਧਾਇਕ ਤੇ ਕੈਬਿਨਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਆਪੋ ਆਪਣੇ ਵਾਰਡਾਂ ਅੰਦਰ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਕਰਵਾ ਕੇ ਨਮੂਨੇ ਦੇ ਵਾਰਡ ਬਣਾਏ ਜਾਣਗੇ | ਉਹ ਬਤੌਰ ਲੋਕਾਂ ਦੇ ਸੇਵਾਦਾਰ ਬਣ ਕੇ ਜਨਤਾ ਦੀ ਕਚਹਿਰੀ ਵਿਚ ਹਾਜ਼ਰ ਰਹਿਣਗੇ |