ਮੋਰਿੰਡਾ, 24 ਜੂਨ (ਪ੍ਰਿਤਪਾਲ ਸਿੰਘ)-ਗਰਮੀਆਂ ਦੇ ਮੌਸਮ ਅਤੇ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਨੂੰ ਮੁੱਖ ਰੱਖਦਿਆਂ, ਮੋਰਿੰਡਾ ਸ਼ਹਿਰ ਦੇ ਸਮੂਹ ਵਪਾਰੀਆਂ ਵਲੋਂ ਬਾਜ਼ਾਰਾਂ ਵਿਚ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਪਾਰ ਮੰਡਲ ਮੋਰਿੰਡਾ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੀ ਆਪਸੀ ਸਹਿਮਤੀ ਨਾਲ ਮਿਤੀ 26, 27 ਅਤੇ 28 ਜੂਨ ਨੂੰ ਸ਼ਹਿਰ ਦੀਆਂ ਕੱਪੜੇ, ਰੈਡੀਮੇਡ ਗਾਰਮੈਂਟਸ, ਬੁਟੀਕ, ਮੁਨਿਆਰੀ, ਜੁੱਤੀਆਂ-ਬੂਟਾਂ, ਭਾਂਡਿਆਂ, ਹਾਰਡਵੇਅਰ, ਪੇਂਟ ਅਤੇ ਟਿੰਬਰ (ਲੱਕੜ) ਦੀਆਂ ਦੁਕਾਨਾਂ ਮੁਕੰਮਲ ਰੂਪ ਵਿਚ ਬੰਦ ਰਹਿਣਗੀਆਂ। 27 ਅਤੇ 28 ਜੂਨ ਨੂੰ ਸ਼ਹਿਰ ਦੀਆਂ ਸਾਰੀਆਂ ਕਿਰਿਆਨੇ ਦੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਤੇ ਆਸ-ਪਾਸ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੋਟਿਸ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਲੋੜ ਦਾ ਸਾਮਾਨ ਪਹਿਲਾਂ ਹੀ ਖ਼ਰੀਦ ਲੈਣ।