ਨੂਰਪੁਰ ਬੇਦੀ, 26 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਸ਼ਹਿਰ ਵਿਚ ਦਿਨ-ਦਿਹਾੜੇ ਵਾਪਰੀ ਝਪਟਮਾਰੀ ਦੀ ਘਟਨਾ ਨੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਮੋਟਰਸਾਈਕਲ ਸਵਾਰ ਦੋ ਝਪਟਮਾਰ ਇੱਕ ਔਰਤ ਦੇ ਕੰਨਾਂ ਵਿਚੋਂ ਸੋਨੇ ਦੇ ਕਾਂਟੇ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਵਨੀ ਕੁਮਾਰ ਰਾਣਾ ਨੇ ਦੱਸਿਆ ਕਿ ਉਸ ਦੀ ਪਤਨੀ ਸੰਤੋਸ਼ ਕੁਮਾਰੀ ਅੱਜ ਪਹਿਲੀ ਵਾਰ ਆਪਣੇ ਘਰ ਦੇ ਨੇੜੇ ਨੂਰਪੁਰ ਬੇਦੀ-ਬੂੰਗਾ ਸਾਹਿਬ ਮਾਰਗ ‘ਤੇ ਸਥਿਤ ਇੱਕ ਜਿੰਮ ਵਿਚ ਜਾ ਰਹੀ ਸੀ। ਸ਼ਾਮ ਸਮੇਂ ਜਦੋਂ ਉਹ ਘਰ ਤੋਂ ਪੈਦਲ ਚੱਲ ਕੇ ਮੁੱਖ ਸੜਕ ‘ਤੇ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਮੌਕਾ ਦੇਖ ਕੇ ਉਸ ਦੇ ਕੰਨਾਂ ਵਿਚ ਪਾਏ ਸੋਨੇ ਦੇ ਦੋਵੇਂ ਕਾਂਟੇ ਝਪਟ ਲਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਝਪਟਮਾਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬੁੰਗਾ ਸਾਹਿਬ ਵੱਲ ਫ਼ਰਾਰ ਹੋ ਗਏ। ਅਚਾਨਕ ਹੋਈ ਇਸ ਵਾਰਦਾਤ ਕਾਰਨ ਪੀੜਤ ਔਰਤ ਘਬਰਾ ਗਈ। ਪੀੜਤ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਖੋਹੇ ਗਏ ਸੋਨੇ ਦੇ ਕਾਂਟਿਆਂ ਦਾ ਵਜ਼ਨ ਕਰੀਬ 8 ਗ੍ਰਾਮ ਹੈ, ਜਿਨ੍ਹਾਂ ਦੀ ਮੌਜੂਦਾ ਬਾਜ਼ਾਰੀ ਕੀਮਤ ਇੱਕ ਲੱਖ ਰੁਪਏ ਤੋਂ ਵੱਧ ਬਣਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨੂਰਪੁਰ ਬੇਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।