ਨੂਰਪੁਰ ਬੇਦੀ, 27 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)- ਬੀਤੀ ਰਾਤ ਪਿੰਡ ਟਿੱਬਾ ਨੰਗਲ ਦੇ ਪੰਚਾਇਤੀ ਜੰਗਲ ‘ਚੋਂ ਖ਼ੈਰ ਦੇ ਕੀਮਤੀ ਦਰਖ਼ਤ ਚੋਰੀ ਕਰਨ ਮੌਕੇ ਪਿੰਡ ਵਾਸੀਆਂ ਤੇ ਵਣ ਵਿਭਾਗ ਦੇ ਸਟਾਫ਼ ਨੇ 2 ਵਿਅਕਤੀਆਂ ਨੂੰ ਕਾਬੂ ਕੀਤਾ। ਜਿਨ੍ਹਾਂ ਫ਼ਰਾਰ ਹੋਣ ਸਮੇਂ ਵਿਭਾਗ ਦੇ ਕਰਮਚਾਰੀਆਂ ਅਤੇ ਪਿੰਡ ਵਾਸੀਆਂ ‘ਤੇ ਜਾਨਲੇਵਾ ਹਮਲਾ ਕੀਤਾ। ਜਿਸਨੂੰ ਲੈ ਕੇ ਥਾਣਾ ਨੂਰਪੁਰ ਬੇਦੀ ਦੀ ਪੁਲਸ ਨੇ ਵਣ ਰੇਂਜ ਅਫ਼ਸਰ ਨੂਰਪੁਰ ਬੇਦੀ ਦੀ ਸ਼ਿਕਾਇਤ ‘ਤੇ ਉਕਤ ਦੋਵੇਂ ਵਿਅਕਤੀਆਂ ਤੇ ਲੱਕੜ ਚੋਰੀ ਕਰਨ ‘ਚ ਸ਼ਾਮਲ ਉਨ੍ਹਾਂ ਦੇ ਹੋਰ 7 ਸਾਥੀਆਂ ਸਮੇਤ ਕੁੱਲ 9 ਵਿਅਕਤੀਆਂ ਦੇ ਖ਼ਿਲਾਫ਼ ਭਾਰਤੀ ਜੰਗਲਾਤ ਐਕਟ ਸਹਿਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਵਿਭਾਗ ਵਲੋਂ ਕਾਬੂ ਕੀਤੇ ਗਏ 2 ਕਥਿਤ ਮੁਲਜ਼ਮਾਂ ‘ਚੋਂ ਇੱਕ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਜਦਕਿ ਦੂਸਰਾ ਵਿਅਕਤੀ ਚਕਮਾ ਦੇ ਕੇ ਫ਼ਰਾਰ ਹੋਣ ‘ਚ ਸਫਲ ਹੋ ਗਿਆ। ਇਸ ਸਬੰਧ ‘ਚ ਵਣ ਰੇਂਜ ਅਫ਼ਸਰ ਨੂਰਪੁਰ ਬੇਦੀ ਸੁਖਬੀਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ 24-25 ਜੂਨ ਦੀ ਦਰਮਿਆਨੀ ਰਾਤ ਨੂੰ ਬਲਾਕ ਤਖਤਗੜ੍ਹ ਦੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਟਿੱਬਾ ਨੰਗਲ ਦੇ ਪੰਚਾਇਤੀ ਜੰਗਲ ‘ਚ ਕੁੱਝ ਵਿਅਕਤੀਆਂ ਵੱਲੋਂ ਕਥਿਤ ਤੌਰ ‘ਤੇ ਖ਼ੈਰ ਦੇ ਰੁੱਖ ਕੱਟੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਨੇ ਰਾਤ ਕਰੀਬ 1 ਵਜੇ ਜੰਗਲ ‘ਚ ਜਾ ਕੇ ਜਾਂਚ ਕੀਤੀ ਜਿਸ ਦੌਰਾਨ ਸੌਰਵ ਸਿੰਘ ਪੁੱਤਰ ਰਘਵੀਰ ਸਿੰਘ, ਨਿਵਾਸੀ ਪਿੰਡ ਚੌਂਤਾ ਅਤੇ ਸੰਜੀਵ ਕੁਮਾਰ ਪੁੱਤਰ ਜੀਤ ਰਾਤ ਵਾਸੀ ਪਿੰਡ ਬਰਾਰੀ, ਸ੍ਰੀ ਅਨੰਦਪੁਰ ਸਾਹਿਬ ਨੂੰ ਇੱਕ ਮਾਰੂਤੀ ਕਾਰ ਸਮੇਤ ਕਾਬੂ ਕੀਤਾ ਗਿਆ। ਜਦੋਂ ਵਿਭਾਗੀ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਕਥਿਤ ਤੌਰ ‘ਤੇ ਤੇਜ਼ ਰਫ਼ਤਾਰ ਨਾਲ ਕਾਰ ਉਨ੍ਹਾਂ ਵੱਲ ਚੜ੍ਹਾ ਦਿੱਤੀ। ਹਾਲਾਂਕਿ ਸਾਰੇ ਵਿਅਕਤੀਆਂ ਨੇ ਸਮੇਂ ਸਿਰ ਆਪਣਾ ਬਚਾਅ ਕਰ ਲਿਆ। ਵਣ ਅਧਿਕਾਰੀਆਂ ਵਲੋਂ ਪੁੱਛਗਿੱਛ ਲਈ ਉਕਤ ਵਿਅਕਤੀਆਂ ਨੂੰ ਦਫ਼ਤਰ ਵਿਖੇ ਲਿਆਂਦਾ ਗਿਆ ਜਿਨ੍ਹਾਂ ਆਪਣੇ ਬਿਆਨ ਕਲਮਬੱਧ ਕਰਵਾਉਂਦੇ ਹੋਏ ਕਬੂਲਿਆਂ ਕਿ ਉਨ੍ਹਾਂ ਵਲੋਂ ਨੂਰਪੁਰ ਖ਼ੁਰਦ ਦੇ ਸਰਕਾਰੀ ਜੰਗਲ, ਕਰਤਾਰਪੁਰ ਦੇ ਪੰਚਾਇਤੀ ਜੰਗਲ, ਟਿੱਬਾ ਨੰਗਲ ਦੇ ਪੰਚਾਇਤੀ ਜੰਗਲ ਅਤੇ ਖੱਡ ਬਠਲੌਰ ਦੇ ਮਲਕੀਤੀ ਜੰਗਲਾਂ ‘ਚੋਂ ਲੰਬੇ ਸਮੇਂ ਤੋਂ ਖ਼ੈਰ ਦੀ ਲੱਕੜ ਚੋਰੀ ਕਰਕੇ ਠੇਕੇਦਾਰ ਸੌਰਵ ਉਰਫ਼ ਚੰਦੂ ਨਿਵਾਸੀ ਪਿੰਡ ਬਾਸੋਵਾਲ ਨੂੰ ਵੇਚ ਦਿੱਤੀ ਜਾਂਦੀ ਸੀ। ਬਾਅਦ ‘ਚ ਵਣ ਅਧਿਕਾਰੀਆਂ ਨੇ ਕਾਬੂ ਕੀਤੇ ਵਿਅਕਤੀਆਂ ਦੀ ਨਿਸ਼ਾਨਦੇਹੀ ‘ਤੇ ਠੇਕੇਦਾਰ ਸੌਰਵ ਦੇ ਪੋਲਟਰੀ ਫਾਰਮ/ਡਿਪੂ ਤੋਂ ਚੋਰੀ ਦੀ ਲੱਕੜ ਵੀ ਬਰਾਮਦ ਕਰ ਲਈ। ਉਕਤ ਵਿਅਕਤੀਆਂ ਨੇ ਇਹ ਵੀ ਕਬੂਲ ਕੀਤਾ ਕਿ ਉਨ੍ਹਾਂ ਵਲੋਂ ਚੋਰੀ ਨੂੰ ਅੰਜਾਮ ਦੇਣ ਲਈ ਗੋਲਡੀ ਤੇ ਯੋਧਾ ਸਿੰਘ ਵਾਸੀ ਪ੍ਰਿਥੀਪੁਰ (ਬੁੰਗਾ ਸਾਹਿਬ), ਦਾਰਾ ਸਿੰਘ ਵਾਸੀ ਨਿਮੋਹ, ਪ੍ਰਿੰਸ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਹਮਣ ਮਾਜਰਾ, ਦੀਪਕ ਵਾਸੀ ਫ਼ਤਿਹਪੁਰ ਬੁੰਗਾ ਸਾਹਿਬ ਅਤੇ ਮੰਗਾ ਨਿਵਾਸੀ ਭਰਤਗੜ੍ਹ ਦੀ ਗੱਡੀ ‘ਚ ਚੋਰੀ ਕੀਤਾ ਮਾਲ ਢੁਆਈ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਲਈ ਵਣ ਵਿਭਾਗ ਦੇ ਦਫ਼ਤਰ ਵਿਖੇ ਲਿਆਂਦੇ ਗਏ ਦੋਵੇਂ ਵਿਅਕਤੀਆਂ ‘ਚੋਂ ਸੰਜੀਵ ਕੁਮਾਰ ਪੁੱਤਰ ਜੀਤ ਰਾਮ ਫ਼ਰਾਰ ਹੋ ਗਿਆ। ਇਸ ਮਾਮਲੇ ਚ ਕਾਬੂ ਕੀਤੇ ਮੁਲਜ਼ਮ ਸੌਰਵ ਸਿੰਘ ਪੁੱਤਰ ਰਘਵੀਰ ਸਿੰਘ ਨਿਵਾਸੀ ਪਿੰਡ ਚੌਂਤਾ ਨੂੰ ਅਦਾਲਤ ‘ਚ ਪੇਸ਼ ਕਰਨ ‘ਤੇ ਉਸ ਨੂੰ ਜੱਜ ਨੇ 3 ਦਿਨ ਦੇ ਰਿਮਾਂਡ ‘ਤੇ ਭੇਜਣ ਦਾ ਆਦੇਸ਼ ਦਿੱਤਾ ਹੈ। ਇਸਦੇ ਨਾਲ ਹੀ ਪੁਲਸ ਨੇ ਵਣ ਵਿਭਾਗ ਵਲੋਂ ਸੋਂਪੀ ਗਈ ਢੋਆ ਢੁਆਈ ਲਈ ਇਸਤੇਮਾਲ ਕੀਤੀ ਜਾ ਰਹੀ ਇੱਕ ਕਾਰ ਤੇ ਚੋਰੀ ਕੀਤੇ ਖ਼ੈਰ ਦੀ ਲੱਕੜ ਦੇ 26 ਲਾਗ ਵੀ ਬਰਾਮਦ ਕੀਤੇ ਹਨ।