ਜ਼ੀਰਕਪੁਰ, 27 ਜੂਨ (ਮਨਿੰਦਰ ਸਿੰਘ)-ਜ਼ੀਰਕਪੁਰ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਬਿਮਾਰੀ ਮੁਕਤ ਬਣਾਉਣ ਲਈ ਨਗਰ ਕੌਂਸਲ ਜ਼ੀਰਕਪੁਰ ਵਲੋਂ ਸ਼ਹਿਰ ‘ਚ ਸਾਫ਼-ਸਫ਼ਾਈ ਦੇ ਨਿਰੀਖਣ ਲਈ 5 ਇੰਸਪੈਕਟਰ ਤਾਇਨਾਤ ਕੀਤੇ ਗਏ ਹਨ। ਸ਼ਹਿਰ ਨੂੰ ਸਵੱਛ ਬਣਾਉਣ ਲਈ ਸ਼ੁਰੂ ਕੀਤੀ ਗਈ ਸਫ਼ਾਈ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਗਰ ਕੌਂਸਲ ਦੇ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਨਿੱਜੀ ਤੌਰ ‘ਤੇ ਗਰਾਊਂਡ ਜ਼ੀਰੋ ਦਾ ਦੌਰਾ ਕਰ ਰਹੇ ਹਨ। ਨਗਰ ਕੌਂਸਲ ਵਲੋਂ ਇਹ ਮੁਹਿੰਮ ਇਕ ਖੇਤਰ ਤੱਕ ਸੀਮਿਤ ਨਾ ਰੱਖ ਕੇ ਸ਼ਹਿਰ ਦੇ ਸਾਰੇ ਵਾਰਡਾਂ ‘ਚ ਪੜਾਅਵਾਰ ਚਲਾਈ ਜਾ ਰਹੀ ਹੈ। ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜ਼ੀਰਕਪੁਰ ਦਾ ਕੋਈ ਵੀ ਕੋਨਾ ਸਫ਼ਾਈ ਤੋਂ ਬਿਨਾਂ ਨਾ ਰਹੇ। ਨਗਰ ਕੌਂਸਲ ਵਲੋਂ ਸਫ਼ਾਈ ਕਾਰਜਾਂ ਦੀ ਲਾਈਵ ਨਿਗਰਾਨੀ ਲਈ ਤਿੰਨ ਸੈਨੀਟੇਸ਼ਨ ਇੰਸਪੈਕਟਰ ਅਤੇ ਦੋ ਹੋਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਪਰਵਿੰਦਰ ਭੱਟੀ ਖ਼ੁਦ ਰੋਜ਼ਾਨਾ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੇ ਹਨ। ਅਧਿਕਾਰੀ ਇਹ ਯਕੀਨੀ ਬਣਾ ਰਹੇ ਹਨ ਕਿ ਸੜਕਾਂ ਜਾਂ ਰਿਹਾਇਸ਼ੀ ਖੇਤਰਾਂ ‘ਚ ਕੂੜੇ ਦੇ ਢੇਰ ਨਾ ਹੋਣ ਅਤੇ ਜਨਤਕ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾਵੇ। ਕਾਰਜ ਸਾਧਕ ਅਫ਼ਸਰ ਪਰਵਿੰਦਰ ਭੱਟੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਜ਼ੀਰਕਪੁਰ ਨੂੰ ਸਾਫ਼, ਸੁੰਦਰ ਤੇ ਪੂਰੀ ਤਰ੍ਹਾਂ ਸਿਹਤਮੰਦ ਵਾਤਾਵਰਨ ਵਾਲਾ ਸ਼ਹਿਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਇਸ ਕੰਮ ਬਾਰੇ ਰੋਜ਼ਾਨਾ ਰਿਪੋਰਟਾਂ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਵੀ ਲਾਪ੍ਰਵਾਹੀ ਪਾਈ ਜਾਂਦੀ ਹੈ, ਉਥੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।