ਪੁਰਖਾਲੀ, 27 ਜੂਨ (ਅੰਮ੍ਰਿਤਪਾਲ ਸਿੰਘ ਬੰਟੀ)- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਪਿੰਡ ਹਿਰਦਾਪੁਰ ਵਿਖੇ ਕੀਤੀ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾ ਕੇ ਪਿੰਡ ਨਾਲ ਸਬੰਧਿਤ ਮੁੱਦੇ ਅਤੇ ਵਿਕਾਸ ਦੀਆਂ ਲੋੜਾਂ ਵਿਧਾਇਕ ਦੇ ਧਿਆਨ ਵਿਚ ਲਿਆਂਦੀਆਂ। ਲੋਕਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮਾਂ ਰਾਹੀਂ ਸਰਕਾਰ ਅਤੇ ਲੋਕਾਂ ਵਿਚਕਾਰ ਦੂਰੀ ਘੱਟ ਹੋ ਰਹੀ ਹੈ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪੂਰਾ ਕਰਨ ਵਿਚ ਮਦਦ ਮਿਲ ਰਹੀ ਹੈ। ਉਨ੍ਹਾਂ ਪਿੰਡ ਵਾਸੀਆਂ ਵਲੋਂ ਰੱਖੀਆਂ ਗਈਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਤੇ ਕਈ ਮਾਮਲਿਆਂ ਦੇ ਮੌਕੇ ‘ਤੇ ਹੀ ਹੱਲ ਲਈ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਵਿਧਾਇਕ ਨੇ ਭਰੋਸਾ ਦਿੱਤਾ ਕਿ ਹਲਕੇ ਦੇ ਹਰ ਪਿੰਡ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਵਿਧਾਇਕ ਦਿਨੇਸ਼ ਚੱਢਾ ਵਲੋਂ ਪਿੰਡ ਹਿਰਦਾਪੁਰ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਵੀ ਭੇਟ ਕੀਤਾ ਗਿਆ। ਇਸ ਮੌਕੇ ਪਰਮਿੰਦਰ ਬਾਲਾ ਬਲਾਕ ਪ੍ਰਧਾਨ, ਮਲਕੀਤ ਭੰਗੂ ਚੇਅਰਮੈਨ ਬਲਾਕ ਸੰਮਤੀ, ਪਰਮਜੀਤ ਪਿੰਕੀ ਪੁਰਖਾਲੀ, ਸੁਖਦੇਵ ਮੀਆਂਪੁਰ, ਸੁਰਜੀਤ ਸਿੰਘ ਰਾਮਪੁਰ,ਚਰਨਪ੍ਰੀਤ ਚੰਨੀ ਹਲਕਾ ਕੋਆਰਡੀਨੇਟਰ ਐਸ.ਸੀ. ਵਿੰਗ ਰੋਪੜ ਸਮੇਤ ਹੋਰ ਪਤਵੰਤੇ ਵਿਅਕਤੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।