ਸ੍ਰੀ ਅਨੰਦਪੁਰ ਸਾਹਿਬ, 29 ਜੂਨ (ਜੇ ਐਸ ਨਿੱਕੂਵਾਲ)- ਜ਼ਿਲ੍ਹਾ ਪੁਲਿਸ ਰੂਪਨਗਰ ਵਲੋਂ ਜਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਬੀਤੇ ਦਿਨੀ ਝਿੰਜੜੀ ਨਹਿਰਾਂ ਦੇ ਕੋਲ ਹੋਏ ਇੱਕ ਟ੍ਰੈਕਟਰ ਚਾਲਕ ਬਲਜੀਤ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇੱਕ ਨਬਾਲਿਗ ਨੂੰ ਕਾਬੂ ਕੀਤਾ ਗਿਆ ਹੈ। ਉਪ ਪੁਲਿਸ ਕਪਤਾਨ ਨਵੀਨਪਾਲ ਸਿੰਘ ਲਹਿਲ ਵਲੋਂ ਥਾਣਾ ਮੁਖੀ ਜਤਿਨ ਕਪੂਰ ਦੀ ਹਾਜ਼ਰੀ ਵਿੱਚ ਕੀਤੀ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਪੁਲਿਸ ਨੂੰ 23 ਜੂਨ ਨੂੰ ਪਿੰਡ ਝਿੰਜੜੀ ਦੀ ਨਹਿਰ ਕੋਲ ਪੁਰਾਣੀ ਪੁਲਿਸ ਜਾਂਚ ਪੋਸਟ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸਦੀ ਜਾਂਚ ਤੋਂ ਬਾਅਦ ਉਕਤ ਲਾਸ਼ ਦੀ ਸ਼ਨਾਖਤ ਟ੍ਰੈਕਟਰ ਚਾਲਕ ਬਲਜੀਤ ਸਿੰਘ ਵਾਸੀ ਚੱਕ ਸਹੋਟਾ ਵਜੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਵਲੋਂ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਭਾਰਤੀ ਨਿਆ ਸੰਹਿਤਾ ਦੀ ਧਾਰਾ 103 ਤਹਿਤ ਕਤਲ ਦਾ ਮੁਕੱਦਮਾ ਦਰਜ ਕਰਕੇ ਥਾਣਾ ਮੁਖੀ ਜਤਿਨ ਕਪੂਰ ਦੀ ਅਗਵਾਈ ਹੇਠ ਜਾਂਚ ਸ਼ੁਰੂ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ’ਤੇ ਟੀਮਾਂ ਵੀ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਅਤੇ ਤਕਨੀਕੀ ਟੀਮ ਵਲੋਂ ਜਾਂਚ ਨੂੰ ਤੇਜ਼ ਕਰਦੇ ਹੋਏ ਇੱਕ ਨਬਾਲਿਕ ਪਾਸੋ ਮ੍ਰਿਤਕ ਬਲਜੀਤ ਸਿੰਘ ਦਾ ਮੋਬਾਇਲ ਫੋਨ ਬਰਾਮਦ ਹੋਇਆ।ਜਿਸਤੋਂ ਬਾਅਦ ਜਾਂਚ ਵਿੱਚ ਤੇਜ਼ੀ ਕਰਦੇ ਹੋਏ ਉਕਤ ਨਬਾਲਿਗ ਕਾਤਲ ਤੱਕ ਪਹੁੰਚ ਕੀਤੀ ਗਈ। ਉਪ ਪੁਲਿਸ ਕਪਤਾਨ ਨੇ ਦੱਸਿਆ ਕਿ ਫੋਨ ਬਰਾਮਦ ਕਰਨ ਵਾਲੇ ਨਬਾਲਿਗ ਨੇ ਦੱਸਿਆ ਸੀ ਕਿ ਇਹ ਫੋਨ ਉਸਦੇ ਸਾਥੀ ਵਲੋਂ ਉਸ ਨੂੰ ਦਿੱਤਾ ਹੈ ਅਤੇ ਨਹਿਰ ਵਿੱਚ ਸੁੱਟਣ ਲਈ ਕਿਹਾ ਸੀ। ਉਪ ਪੁਲਸ ਕਪਤਾਨ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਬਾਅਦ ਤਫਤੀਸ਼ ਦੌਰਾਨ ਨਬਾਲਿਗ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਵਿਅਕਤੀ ਉਸ ਨਾਲ ਸਰੀਰਕ ਛੇੜ-ਛਾੜ ਕਰਦਾ ਸੀ ਜਿਸ ਤੋਂ ਬਾਅਦ ਉਸ ਵਲੋਂ ਇਸ ਵਿਅਕਤੀ ਨੂੰ ਝਿੰਜੜੀ ਪੁਲਸ ਗਾਰਦ ਕੋਲ ਉਸੇ ਦੀ ਹੀ ਕਿਰਚ ਨਾਲ ਉਸਦਾ ਕਤਲ ਕਰ ਦਿੱਤਾ। ਉਪ ਕਪਤਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਮਾਰਨ ਲਈ ਵਰਤੀ ਗਈ ਕਿਰਚ ਅਤੇ ਮ੍ਰਿਤਕ ਦਾ ਮੋਟਰਸਾਇਕਲ ਉਸਨੇ ਨਹਿਰ ਵਿੱਚ ਸੁੱਟ ਦਿੱਤਾ। ਡੀ.ਐਸ.ਪੀ. ਲਹਿਲ ਨੇ ਦੱਸਿਆ ਕਿ ਕਾਤਲ ਨਬਾਲਿਗ ਨੂੰ ਬਾਲ ਸੁਧਾਰ ਕੇਂਦਰ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ।