ਨੂਰਪੁਰ ਬੇਦੀ, 29 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਬਲਾਕ ਨੂਰਪੁਰ ਬੇਦੀ ਦੇ ਅਕਾਲੀ ਆਗੂਆਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਬਾਣਗੜ੍ਹ ਸਾਹਿਬ, ਜੇਤੇਵਾਲ ਵਿਖੇ ਹੋਈ। ਮੀਟਿੰਗ ਦੌਰਾਨ ਕਈ ਮਤੇ ਪਾਸ ਕੀਤੇ ਗਏ ਅਤੇ ਪਾਰਟੀ ਦੀ ਭਵਿੱਖੀ ਰਣਨੀਤੀ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ਾਂ ਅਨੁਸਾਰ ਸਮੂਹ ਸਾਧ-ਸੰਗਤ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਪੂਰਨ ਬਾਈਕਾਟ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵਲੋਂ ਆਉਣ ਵਾਲੇ ਦਿਨਾਂ ਵਿਚ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਸੰਗਤ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰੇ। ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਰਾਹੀਂ ਇਸ ਸਬੰਧੀ ਅਨਾਊਂਸਮੈਂਟ ਕਰਵਾਈ ਜਾਵੇ ਅਤੇ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ ਅਤੇ ਹਰ ਸਿੱਖ ਨੂੰ ਇਸ ਦੀ ਮਰਿਆਦਾ ਅਤੇ ਹੁਕਮਾਂ ਦਾ ਸਤਿਕਾਰ ਕਰਦਿਆਂ ਪਾਲਣਾ ਕਰਨੀ ਚਾਹੀਦੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵੀ ਸੰਗਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਏਕਤਾ ਅਤੇ ਅਨੁਸ਼ਾਸਨ ਨੂੰ ਕਾਇਮ ਰੱਖਣਾ ਸਮੇਂ ਦੀ ਲੋੜ ਹੈ। ਮੀਟਿੰਗ ਵਿੱਚ ਜਥੇ ਜਰਨੈਲ ਸਿੰਘ ਔਲਖ, ਮੋਹਣ ਸਿੰਘ ਡੂਮੇਵਾਲ, ਕੁਲਬੀਰ ਸਿੰਘ ਅਸਮਾਨਪੁਰ, ਹਰਜਿੰਦਰ ਸਿੰਘ ਭਾਉਵਾਲ, ਬਾਦਲ ਸਿੰਘ ਬਸੀ, ਗੁਰਦੀਪ ਸਿੰਘ ਬਟਾਰਲਾ, ਗੋਪਾਲ ਚੰਦ ਬਾਲੇਵਾਲ, ਭਜਨ ਸਿੰਘ ਪਟਵਾਰੀ, ਮਾ ਨੰਦ ਸਿੰਘ, ਧਰਮ ਸਿੰਘ ਟਿੱਬਾ ਟੱਪਰੀਆਂ, ਅਮਰਜੀਤ ਸਿੰਘ ਸਮੀਰੋਵਾਲ, ਨਿਰਮਲ ਸਿੰਘ ਨਿੰਮਾ, ਨਿਰਮਲ ਸਿੰਘ ਸੰਦੋਆ, ਭਾਰਤ ਭੂਸ਼ਣ ਹੈਪੀ, ਹੁਸਨ ਚੰਦ ਮਠਾਣ, ਰਣਜੀਤ ਸਿੰਘ ਢੀਂਡਸਾ, ਅਵਤਾਰ ਸਿੰਘ ਸੰਘਾ, ਰਾਮ ਸਿੰਘ ਔਲਖ, ਦਰਸ਼ਨ ਕੌਰ ਢਾਹਾਂ, ਬਲਜਿੰਦਰ ਕੌਰ ਕਲਮਾ, ਕਰਮ ਸਿੰਘ ਕਲਮਾ, ਖੁਸ਼ਹਾਲ ਸਿੰਘ ਕਲਮਾ, ਪਾਖਰ ਸਿੰਘ ਜੇਤੇਵਾਲ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।