ਨੂਰਪੁਰ ਬੇਦੀ, 29 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਭਾਉਵਾਲ ਵਿਖੇ ਭਾਈ ਨਿਰਮਲ ਸਿੰਘ ਗ੍ਰੰਥੀ ਗੁਰਦੁਆਰਾ ਭਾਉਵਾਲ ਸਾਹਿਬ ਦੇ ਵਿਸ਼ੇਸ਼ ਉਪਰਾਲੇ ਸਦਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਆਰੰਭ ਕਰਵਾਇਆ ਗਿਆ। ਇਹ ਕੈਂਪ 5 ਜੁਲਾਈ ਤੱਕ ਰੋਜ਼ਾਨਾ ਲਗਾਇਆ ਜਾਵੇਗਾ ਜਿਸ ਵਿਚ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਵਿਧੀ ਅਤੇ ਸਿੱਖੀ ਨਾਲ ਜੁੜੇ ਸੰਸਕਾਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਭਾਈ ਨਿਰਮਲ ਸਿੰਘ ਨੇ ਕਿਹਾ ਕਿ ਦਸਤਾਰ ਸਿੱਖ ਕੌਮ ਦੀ ਸ਼ਾਨ, ਪਛਾਣ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਨਵੀਂ ਪੀੜ੍ਹੀ ਨੂੰ ਦਸਤਾਰ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਬੱਚਿਆਂ ਵਿਚ ਗੁਰਸਿੱਖੀ ਜੀਵਨ, ਅਨੁਸ਼ਾਸਨ ਅਤੇ ਆਪਣੇ ਵਿਰਸੇ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਹੋ ਸਕੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਦਸਤਾਰਾਂ ਸਜਾਉਣ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ ਅਤੇ ਗੁਰਬਾਣੀ, ਸਿੱਖ ਇਤਿਹਾਸ ਅਤੇ ਰਹਿਤ-ਮਰਿਆਦਾ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਕੈਂਪ ਦੀ ਸਮਾਪਤੀ ਮੌਕੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।