ਰੂਪਨਗਰ, 29 ਜੂਨ (ਸਤਨਾਮ ਸਿੰਘ ਸੱਤੀ)- ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੀ ਮਹੀਨਾਵਾਰ ਮੀਟਿੰਗ 1 ਜੁਲਾਈ 2026 (ਬੁੱਧਵਾਰ) ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰੂਪਨਗਰ ਦੇ ਸੈਮੀਨਾਰ ਹਾਲ ਵਿਖੇ ਸ਼ਾਮ 4:30 ਵਜੇ ਹੋਵੇਗੀ। ਇਹ ਜਾਣਕਾਰੀ ਕੌਂਸਲ ਦੇ ਐਡੀਟਰ ਇੰਜੀ. ਦੀਦਾਰ ਸਿੰਘ ਨੇ ਜਾਰੀ ਕੀਤੀ। ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਦੱਸਿਆ ਕਿ ਇਸ ਵਾਰ ਦੀ ਮੀਟਿੰਗ 1 ਜੁਲਾਈ ਨੂੰ ਮਨਾਏ ਜਾਣ ਵਾਲੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਹੋਵੇਗੀ। ਇਸ ਮੌਕੇ ਮਾਹਿਰ ਡਾ. ਜਸਪ੍ਰੀਤ ਸਿੰਘ ਬਰਾੜ (ਕੈਨੇਡਾ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹ ਹਾਜ਼ਰੀਨ ਨੂੰ ਡਾਕਟਰ ਦਿਵਸ ਦੀ ਮਹੱਤਤਾ, ਸਿਹਤਮੰਦ ਜੀਵਨ ਸ਼ੈਲੀ ਤੇ ਦੰਦਾਂ ਦੀ ਸਹੀ ਸੰਭਾਲ ਸਬੰਧੀ ਜਾਣਕਾਰੀ ਦੇਣਗੇ। ਮੀਟਿੰਗ ਦੌਰਾਨ ਕੌਂਸਲ ਦੇ 41ਵੇਂ ਛਿਮਾਹੀ ਮੈਗਜ਼ੀਨ ‘ਸੁਨਿਹਰੇ ਪਲ’ ਦੀ ਘੁੰਡ ਚੁਕਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੌਂਸਲ ਦੇ ਮੈਂਬਰ ਆਪਣੀਆਂ ਸਾਹਿਤਕ ਰਚਨਾਵਾਂ ਪੇਸ਼ ਕਰਕੇ ਬਜ਼ੁਰਗਾਂ ਦਾ ਮਨੋਰੰਜਨ ਕਰਨਗੇ ਤੇ ਜੂਨ ਮਹੀਨੇ ਦੌਰਾਨ ਆਉਣ ਵਾਲੇ ਮੈਂਬਰਾਂ ਦੇ ਜਨਮ ਦਿਨ ਤੇ ਵਿਆਹ ਦੀਆਂ ਵਰ੍ਹੇਗੰਢਾਂ ਵੀ ਮਨਾਈਆਂ ਜਾਣਗੀਆਂ। ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਸਮੂਹ ਸੀਨੀਅਰ ਸਿਟੀਜ਼ਨ ਭੈਣਾਂ ਅਤੇ ਭਰਾਵਾਂ ਨੂੰ ਸਮੇਂ ਸਿਰ ਵੱਧ ਤੋਂ ਵੱਧ ਗਿਣਤੀ ਵਿਚ ਹਾਜ਼ਰੀ ਲਗਾ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ।