ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਸੀਨੀਅਰ ਕਾਂਗਰਸੀ ਆਗੂ ਤੇ ਬਾਰ ਐਸੋਸੀਏਸ਼ਨ ਰੋਪੜ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਿੰਦਰਪ੍ਰੀਤ ਸਿੰਘ ਬਾਵਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਨੇ ਬੇਅਦਬੀ ਬਿੱਲ ਬਿਨਾਂ ਪੜ੍ਹੇ ਪਾਸ ਕਰਕੇ ਗੰਭੀਰ ਲਾਪਰਵਾਹੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਵਰਗੇ ਸੰਵੇਦਨਸ਼ੀਲ ਕਾਨੂੰਨ ਦਾ ਖਰੜਾ ਪਹਿਲਾਂ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਅਤੇ ਸ਼੍ਰੋਮਣੀ ਕਮੇਟੀ ਨਾਲ ਵਿਚਾਰਿਆ ਜਾਣਾ ਚਾਹੀਦਾ ਸੀ, ਪਰ ਸਰਕਾਰ ਨੇ ਬਿਨਾਂ ਲੋੜੀਂਦੇ ਸਲਾਹ-ਮਸ਼ਵਰੇ ਇਸ ਨੂੰ ਪਾਸ ਕਰ ਦਿੱਤਾ। ਐਡਵੋਕੇਟ ਬਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਅਸਤੀਫ਼ਾ ਦੇਣ ਅਤੇ ਸਿੱਖ ਪੰਥ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਬੰਧੀ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਬਿਆਨਬਾਜ਼ੀ ਕਾਰਨ ਸਿੱਖ ਸੰਗਤਾਂ ਵਿਚ ਰੋਸ ਹੈ।