ਪੁਰਖਾਲੀ, 2 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਪਿੰਡ ਸੈਂਫਲਪੁਰ ਵਿਖੇ ਪਿੰਡ ਦੀ ਨਦੀ ‘ਤੇ ਬਣੇ ਕਾਜਵੇਅ ਨੂੰ ਬਚਾਉਣ ਲਈ ਲਗਾਇਆ ਗਿਆ ਪੱਥਰ ਦਾ ਡੰਗਾ ਭਾਰੀ ਬਰਸਾਤਾਂ ਤੇ ਨਦੀ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਪੂਰੀ ਤਰ੍ਹਾਂ ਹੜ੍ਹ ਚੁੱਕਾ ਹੈ। ਕਾਜਵੇਅ ਦੇ ਨਾਲ ਲੱਗਦੀਆਂ ਸਾਈਡਾਂ ਨੂੰ ਖੁਰਨ ਤੋਂ ਬਚਾਉਣ ਤੇ ਕਾਜਵੇਅ ਦੀ ਸੁਰੱਖਿਆ ਲਈ ਲਗਾਏ ਗਏ ਇਸ ਡੰਗਾ ਟੁੱਟਣ ਕਾਰਨ ਡੰਗੇ ਦੇ ਪੱਥਰ ਪਾਣੀ ਨਾਲ ਹੜ੍ਹ ਚੁੱਕੇ ਹਨ, ਜਿਸ ਕਾਰਨ ਹੁਣ ਮੁੱਖ ਕਾਜਵੇਅ (ਰਸਤੇ) ਨੂੰ ਵੀ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਸਾਲਾਂ ਪਹਿਲਾਂ ਇਹ ਪੱਥਰ ਦਾ ਡੰਗਾ ਇਸੇ ਮਕਸਦ ਲਈ ਲਗਾਇਆ ਗਿਆ ਸੀ ਤਾਂ ਜੋ ਕਾਜਵੇਅ ਨੂੰ ਖੋਰੇ ਤੋਂ ਬਚਾਇਆ ਜਾ ਸਕੇ, ਪਰ ਪਾਣੀ ਦੀ ਮਾਰ ਅੱਗੇ ਇਹ ਡੰਗਾ ਟਿਕ ਨਹੀਂ ਸਕਿਆ, ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪਿੰਡ ਸੈਫਲਪੁਰ ਦੀ ਤਰਾਸਦੀ ਹੈ ਕਿ ਪਿੰਡ ਨੂੰ ਰੋਪੜ ਸ਼ਹਿਰ ਤੇ ਮੀਆਂਪੁਰ ਨਾਲ ਜੋੜਨ ਵਾਲੀਆਂ ਦੋਵੇਂ ਸੜਕਾਂ ਤੇ ਦੋ ਨਦੀਆਂ ਪੈਂਦੀਆਂ ਹਨ, ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿਚ ਅਕਸਰ ਹੀ ਇਨ੍ਹਾਂ ਦੋਵੇਂ ਨਦੀਆਂ ’ਚ ਪਾਣੀ ਚੱਲਦਾ ਰਹਿੰਦਾ ਹੈ ਤੇ ਸਾਡਾ ਪਿੰਡ ਦੋਵੇਂ ਪਾਸਿਉਂ ਨਦੀਆਂ ’ਚ ਘਿਰ ਜਾਂਦਾ ਹੈ, ਜਿਸ ਕਾਰਨ ਪਿੰਡ ਵਾਸੀ ਨਾਂ ਤਾਂ ਰੋਪੜ ਸ਼ਹਿਰ ਜਾ ਸਕਦੇ ਹਨ ਤੇ ਨਾ ਹੀ ਮੀਆਂਪੁਰ ਵਾਲੇ ਪਾਸੇ ਜਾ ਸਕਦੇ ਹਨ। ਇੱਥੋਂ ਤੱਕ ਸਕੂਲਾਂ/ਕਾਲਜਾਂ ਚ ਜਾਣ ਵਾਲੇ ਪਿੰਡ ਦੇ ਬੱਚੇ ਸਕੂਲ ਕਾਲਜ ਨਹੀਂ ਜਾ ਸਕਦੇ, ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਸਮੇਂ ਦੋਵੇਂ ਨਦੀਆਂ ਨੂੰ ਕਾਜਵੇਅ ਤਾਂ ਬਣਾ ਦਿੱਤੇ ਗਏ, ਪਰ ਨਦੀਆਂ ਨੂੰ ਪੁਲ ਨਹੀਂ ਬਣਾਏ, ਉਨ੍ਹਾਂ ਦੱਸਿਆ ਕਿ ਪਿਛਲੀਆਂ ਬਰਸਾਤਾਂ ਦੌਰਾਨ ਸੈਂਫਲਪੁਰ-ਪੜ੍ਹੀ ਵਿਚਕਾਰ ਪੈਂਦੀ ਨਦੀ ਨੂੰ ਪੁਲ ਨਾ ਹੋਣ ਕਾਰਨ ਨਜ਼ਦੀਕੀ ਪਿੰਡ ਲਖਮੀਪੁਰ ਦਾ ਵਿਅਕਤੀ ਵੀ ਹੜ੍ਹ ਗਿਆ ਸੀ, ਜਿਸ ਦੀ ਮੌਤ ਹੋ ਗਈ ਸੀ। ਇਸ ਸਬੰਧੀ ਪਿੰਡ ਦੇ ਸਰਪੰਚ ਸੁਰਿੰਦਰ ਕੌਰ, ਸਾਬਕਾ ਸਰਪੰਚ ਰਾਮ ਸਿੰਘ, ਪੰਚ ਹਰਪ੍ਰੀਤ ਕੌਰ, ਕੁਲਦੀਪ ਕੌਰ ਸੰਤਪ੍ਰੀਤ ਸਿੰਘ, ਕਲੱਬ ਆਗੂ ਮਨਪ੍ਰੀਤ ਸਿੰਘ ਤੇ ਨਰਿੰਦਰ ਸਿੰਘ ਆਦਿ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਨਦੀ ਦੇ ਕਾਜਵੇਅ ਨਾਲ ਲਗਾਏ ਡੰਗੇ ਦੀ ਜਲਦੀ ਰਿਪੇਅਰ ਕਰਵਾਈ ਜਾਵੇ ਤੇ ਪਿੰਡ ਦੀਆਂ ਦੋਵੇਂ ਨਦੀਆਂ ਨੂੰ ਪੁਲ ਲਗਾਏ ਜਾਣ।