ਡੇਰਾਬੱਸੀ, 2 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਰਵਾਲਾ ਚੌਕ ਨੇੜੇ ਸਥਿਤ ਨਗਰ ਕੌਂਸਲ ਦੇ ਇਨਡੋਰ ਸਟੇਡੀਅਮ ਦੀ ਖਸਤਾ ਹਾਲਤ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਸਥਾਨਕ ਖੇਡ ਪ੍ਰੇਮੀਆਂ ਤੇ ਖਿਡਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ’ਚ ਪਹਿਲਾਂ ਹੀ ਖੇਡਣ ਲਈ ਗਰਾਊਂਡਾਂ ਦੀ ਵੱਡੀ ਕਮੀ ਹੈ ਅਤੇ ਇੱਥੇ ਜੋ ਇਕ ਮਾਤਰ ਇਨਡੋਰ ਸਟੇਡੀਅਮ ਹੈ, ਉਹ ਵੀ ਨਗਰ ਕੌਂਸਲ ਦੀ ਬੇਰੁਖੀ ਕਾਰਨ ਆਪਣੀ ਬਦਹਾਲੀ ’ਤੇ ਹੰਝੂ ਵਹਾ ਰਿਹਾ ਹੈ। ਖਿਡਾਰੀਆਂ ਦਾ ਦੋਸ਼ ਹੈ ਕਿ ਸਟੇਡੀਅਮ ਦੀ ਸਾਂਭ-ਸੰਭਾਲ ਅਤੇ ਵਿਵਸਥਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਥੇ ਖੇਡਣ ਆਉਂਦੇ ਖਿਡਾਰੀਆਂ ਮੁਤਾਬਿਕ ਸਟੇਡੀਅਮ ਦੀ ਮੁਰੰਮਤ ਦਾ ਕੰਮ ਕਰੀਬ ਢਾਈ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਪਰ ਠੇਕੇਦਾਰ ਨੇ ਕੰਮ ਨੂੰ ਵਿਚਾਲੇ ਹੀ ਅਧੂਰਾ ਛੱਡ ਦਿੱਤਾ। ਇਸ ਸਟੇਡੀਅਮ ਦੀ ਛੱਤ ਪਹਿਲਾਂ ਹੀ ਲੀਕ ਹੁੰਦੀ ਸੀ, ਜਿਸ ਕਾਰਨ ਬਰਸਾਤ ਦਾ ਪਾਣੀ ਅੰਦਰ ਡਿੱਗਦਾ ਸੀ, ਜਿਸ ਕਾਰਨ ਛੱਤ ਦੀ ਮੁਰੰਮਤ ਲਈ ਸ਼ੈੱਡ ਤਾਂ ਤੋੜ ਦਿੱਤਾ ਗਿਆ, ਪਰ ਉਸ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਬੈਡਮਿੰਟਨ ਕੋਰਟ ਦੇ ਹੇਠਾਂ ਪੈਣ ਵਾਲੀ ਖ਼ਾਸ ਲੇਅਰ (ਜੋ ਖਿਡਾਰੀਆਂ ਦੇ ਪੈਰਾਂ ਨੂੰ ਆਰਾਮ ਦਿੰਦੀ ਹੈ) ਨੂੰ ਪਾਏ ਬਿਨਾਂ ਹੀ ਸਿੱਧੀ ਹਰੀ ਸ਼ੀਟ ਵਿਛਾ ਦਿੱਤੀ ਗਈ, ਜਿਸ ਕਾਰਨ ਖਿਡਾਰੀ ਹੁਣ ਸਿੱਧਾ ਪੱਥਰ ਦੇ ਉੱਪਰ ਖੇਡਣ ਲਈ ਮਜ਼ਬੂਰ ਹਨ। ਕੋਰਟ ਦੀ ਮਾੜੀ ਬਣਾਵਟ ਕਾਰਨ ਖਿਡਾਰੀਆਂ ਦੇ ਗੋਡਿਆਂ ਅਤੇ ਪੈਰਾਂ ’ਤੇ ਭਾਰੀ ਦਬਾਅ ਪੈ ਰਿਹਾ ਹੈ, ਜਿਸ ਨਾਲ ਕਈ ਖਿਡਾਰੀ ਜ਼ਖਮੀ ਹੋ ਚੁੱਕੇ ਹਨ। ਉਕਤ ਸਟੇਡੀਅਮ ਦੇ ਅੰਦਰ ਸੀਮਿੰਟ ਅਤੇ ਰੇਤਾ ਖਿੱਲਰਿਆ ਪਿਆ ਹੈ, ਜਿਸ ਕਾਰਨ ਖਿਡਾਰੀ ਤਿਲਕ ਕੇ ਡਿੱਗ ਰਹੇ ਹਨ। ਇਥੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਖਿਡਾਰੀ ਪਹਿਲਾਂ ਇਥੇ ਝਾੜੂ ਮਾਰਨ ਉਪਰੰਤ ਖੇਡਦੇ ਹਨ। ਇਸ ਬਾਬਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਆਖਿਆ ਕਿ ਖਿਡਾਰੀਆਂ ਦੀ ਬਿਹਤਰ ਸਹੂਲਤ ਲਈ ਇਨਡੋਰ ਸਟੇਡੀਅਮ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਉਹ ਕੱਲ੍ਹ ਨੂੰ ਇਸਦੀ ਜਾਂਚ ਕਰਵਾ ਕੇ ਇਸ ਕੰਮ ਨੂੰ ਹੋਰ ਗਤੀਸ਼ੀਲ ਕਰਵਾਉਣਗੇ ਤਾਂ ਜੋ ਇਥੇ ਖੇਡਣ ਆਉਂਦੇ ਖਿਡਾਰੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ।