ਕੁਰਾਲੀ, 2 ਜੁਲਾਈ (ਹਰਪ੍ਰੀਤ ਸਿੰਘ)-ਨਗਰ ਕੌਂਸਲ ਕੁਰਾਲੀ ਦੇ ਨਵੇਂ ਚੁਣੇ ਗਏ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਤੇ ਕੌਂਸਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਅੱਜ 3 ਜੁਲਾਈ ਨੂੰ ਕੌਂਸਲ ਦਫ਼ਤਰ ਵਿਖੇ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਣਯੋਗ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਹੋਣ ਵਾਲੀ ਕੌਂਸਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਲਈ ਉਪ ਮੰਡਲ ਮੈਜਿਸਟ੍ਰੇਟ ਖਰੜ ਦੇ ਦਫ਼ਤਰ ਵਲੋਂ ਜਾਰੀ ਪੱਤਰ ਅਨੁਸਾਰ ਇਸ ਸੰਬੰਧੀ ਚੁਣੇ ਗਏ ਕੌਂਸਲਰਾਂ ਦੀ ਵਿਸ਼ੇਸ਼ ਮੀਟਿੰਗ ਬਾਅਦ ਦੁਪਹਿਰ 4 ਵਜੇ ਰੱਖੀ ਗਈ ਹੈ। ਰਾਜ ਚੋਣ ਕਮਿਸ਼ਨ ਵਲੋਂ ਚੋਣ ਲਈ ਹਲਕਾ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਅਤੇ ਸ਼ਹਿਰ ਦੇ ਸਾਰੇ 17 ਵਾਰਡਾਂ ਦੇ ਚੁਣੇ ਹੋਏ ਕੌਂਸਲਰ ਨਿੱਜੀ ਤੌਰ ‘ਤੇ ਸ਼ਾਮਿਲ ਹੋ ਕੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਪ੍ਰਸ਼ਾਸਨ ਵਲੋਂ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਤੇ ਸਮੁੱਚੇ ਕੌਂਸਲਰਾਂ ਨੂੰ ਲਿਖਤੀ ਤੌਰ ‘ਤੇ ਇਸ ਚੋਣ ਸੰਬੰਧੀ ਜਾਣੂ ਕਰਵਾ ਕੇ ਮੀਟਿੰਗ ‘ਚ ਸਮੇਂ ਸਿਰ ਹਾਜ਼ਰ ਹੋਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਚੋਣ ਅਧਿਕਾਰੀ ਵਲੋਂ ਇਸ ਸੰਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਭੇਜ ਕੇ ਚੋਣ ਸੰਬੰਧੀ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ। ਚੋਣ ਦੀ ਮਿਤੀ ਦਾ ਐਲਾਨ ਹੁੰਦੇ ਸਾਰ ਹੀ ਸ਼ਹਿਰ ‘ਚ ਕੌਂਸਲ ਦੀ ਪ੍ਰਧਾਨਗੀ ਲਈ ਜੋੜ-ਤੋੜ ਤੇਜ ਹੋ ਗਈ ਹੈ। ਦੂਜੇ ਪਾਸੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਅੱਜ 4 ਵਜੇ ਹੋਣ ਵਾਲੀ ਇਸ ਬੈਠਕ ‘ਤੇ ਟਿਕੀਆਂ ਹੋਈਆਂ ਹਨ ਕਿਉਂਕਿ ਨਵੀਂ ਟੀਮ ਦੇ ਗਠਨ ਤੋਂ ਬਾਅਦ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ। ਇਸ ਸੰਬੰਧੀ ਸੰਪਰਕ ਕਰਨ ‘ਤੇ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਨੇ ਦੱਸਿਆ ਕਿ ਅੱਜ 3 ਜੁਲਾਈ ਨੂੰ ਹੋਣ ਵਾਲੀ ਕੌਂਸਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।