ਰੂਪਨਗਰ- ਪੰਜਾਬ ਪੁਲਿਸ ਦੇ ਐੱਸ. ਪੀ. ਹੈੱਡਕੁਆਰਟਰ ਸ਼ਹੀਦ ਭਗਤ ਸਿੰਘ ਨਗਰ ਇਕਬਾਲ ਸਿੰਘ ਪੀ.ਪੀ.ਐੱਸ. 18 ਜੂਨ 2026 ਨੂੰ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਅੱਜ 3 ਜੁਲਾਈ ਨੂੰ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ, ਰੂਪਨਗਰ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ। 25 ਮਈ 1970 ਨੂੰ ਜਨਮੇ ਇਕਬਾਲ ਸਿੰਘ ਇੱਕ ਮਾਣਮੱਤੇ, ਸਮਾਜ ਸੇਵੀ ਅਤੇ ਸਿਆਸੀ ਪਰਿਵਾਰ ਨਾਲ ਸਬੰਧਤ ਸਨ। ਉਹ ਸਾਬਕਾ ਬਲਾਕ ਸੰਮਤੀ ਚੇਅਰਮੈਨ ਸਰਦਾਰਾ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ। ਉਨ੍ਹਾਂ ਦੇ ਵੱਡੇ ਭਰਾ ਭੁਪਿੰਦਰ ਸਿੰਘ ਪੰਜਾਬ ਪੁਲਿਸ ਵਿਚ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ, ਜਦਕਿ ਦੂਜੇ ਭਰਾ ਰਜਿੰਦਰ ਸਿੰਘ ਆਈ.ਪੀ.ਐਸ. ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਤੀਜੇ ਭਰਾ ਸੁਰਿੰਦਰ ਸਿੰਘ ਖੇਤੀਬਾੜੀ ਦੇ ਨਾਲ-ਨਾਲ ਭੱਦਲ ਇੰਜੀਨੀਅਰਿੰਗ ਕਾਲਜ ਵਿਚ ਲੰਬੇ ਸਮੇਂ ਤੱਕ ਮੈਨੇਜਰ ਅਤੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਕਬਾਲ ਸਿੰਘ ਨੇ ਸਾਲ 2003 ਵਿਚ ਪੰਜਾਬ ਪੁਲਿਸ ਵਿਚ ਇੰਸਪੈਕਟਰ ਵਜੋਂ ਸੇਵਾ ਸ਼ੁਰੂ ਕੀਤੀ। ਆਪਣੀ ਮਿਹਨਤ ਅਤੇ ਫਰਜ਼ਾਂ ਪ੍ਰਤੀ ਸਮਰਪਣ ਦੇ ਬਲਬੂਤੇ ਉਹ ਡੀ.ਐਸ.ਪੀ. ਅਤੇ ਬਾਅਦ ਵਿਚ ਐਸ.ਪੀ. ਦੇ ਅਹੁਦੇ ਤੱਕ ਪਹੁੰਚੇ। ਸੇਵਾ ਦੌਰਾਨ ਉਨ੍ਹਾਂ ਨੇ ਜਲੰਧਰ, ਮੁਕਤਸਰ, ਅਬੋਹਰ, ਚੰਡੀਗੜ੍ਹ ਅਤੇ ਸ਼ਹੀਦ ਭਗਤ ਸਿੰਘ ਨਗਰ ਸਮੇਤ ਵੱਖ-ਵੱਖ ਜ਼ਿਲਿ੍ਹਆਂ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਇੱਕ ਸੂਝਵਾਨ, ਨਿਮਰ ਅਤੇ ਲੋਕ-ਪੱਖੀ ਪੁਲਿਸ ਅਧਿਕਾਰੀ ਵਜੋਂ ਵਿਲੱਖਣ ਪਛਾਣ ਬਣਾਈ। ਪਿਛਲੇ ਕਰੀਬ ਤਿੰਨ ਸਾਲਾਂ ਤੋਂ ਉਹ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਰੂਪਨਗਰ, ਮੋਹਾਲੀ ਅਤੇ ਗੁਰੂਗ੍ਰਾਮ ਦੇ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ, ਪਰ ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ 18 ਜੂਨ ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਆਪਣੇ ਪਿੱਛੇ ਪਤਨੀ ਮਨਜੀਤ ਕੌਰ, ਇੱਕ ਪੁੱਤਰ ਅਤੇ ਦੋ ਧੀਆਂ ਸਮੇਤ ਭਰਿਆ-ਪੁਰਿਆ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੀ ਵੱਡੀ ਧੀ ਦਾ ਵਿਆਹ ਇਸੇ ਸਾਲ ਫਰਵਰੀ ਮਹੀਨੇ ਵਿਚ ਹੋਇਆ ਸੀ ਅਤੇ ਉਹ ਕੈਨੇਡਾ ਵਿਚ ਕਾਨੂੰਨੀ ਖੇਤਰ ਨਾਲ ਜੁੜੀ ਹੋਈ ਹੈ। ਆਪਣੇ ਸਾਦੇ ਸੁਭਾਅ, ਮਿਲਣਸਾਰ ਸ਼ਖ਼ਸੀਅਤ ਅਤੇ ਲੋਕ ਸੇਵਾ ਦੀ ਭਾਵਨਾ ਕਾਰਨ ਇਕਬਾਲ ਸਿੰਘ ਹਰ ਵਰਗ ਵਿਚ ਸਤਿਕਾਰੇ ਜਾਂਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੁਲਿਸ ਵਿਭਾਗ, ਸਮਾਜਿਕ ਅਤੇ ਰਾਜਨੀਤਿਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਦੇਹਾਂਤ ’ਤੇ ਵੱਖ-ਵੱਖ ਵਰਗਾਂ ਦੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਅੱਜ ਉਹਨਾਂ ਦੀ ਅੰਤਿਮ ਅਰਦਾਸ ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। -ਸਤਨਾਮ ਸਿੰਘ ਸੱਤੀ 02ਆਰਪੀਆਰ29 ਤਸਵੀਰ: ਐਸ.ਪੀ. ਇਕਬਾਲ ਸਿੰਘ ਪੱਪੀ।