ਨੰਗਲ, 2 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਸਿਵਲ ਹਸਪਤਾਲ ਨੰਗਲ ਵਿਖੇ ਪੀਲੀਏ (ਜਾਂਡਿਸ) ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤੇ ਜਾਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਸਥਿਤੀ ‘ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਸਿਵਲ ਸਰਜਨ ਡਾਕਟਰ ਰਮਨ ਗੁਪਤਾ ਦੇ ਨਿਰਦੇਸ਼ਾਂ ਤਹਿਤ ਅੱਜ ਇਸ ਸਬੰਧੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਸ਼ਰਨ ਕੌਰ ਅਤੇ ਉਨ੍ਹਾਂ ਦੀ ਟੀਮ ਜਿਸ ਵਿਚ ਏ.ਐੱਮ.ਓ. ਦਿਲਬਾਗ ਸਿੰਘ, ਹੈਲਥ ਸੁਪਰਵਾਈਜ਼ਰ ਰਣਜੀਤ ਸਿੰਘ ਵਲੋਂ ਸਿਵਲ ਹਸਪਤਾਲ ਨੰਗਲ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਟੀਮ ਨੇ ਹਸਪਤਾਲ ਵਿਚ ਦਾਖ਼ਲ ਪੀਲੀਏ ਦੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਈਸ਼ਾ ਵਰਮਾ ਤੇ ਹਸਪਤਾਲ ਦੇ ਮੈਡੀਕਲ ਸਟਾਫ਼ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ, ਮਰੀਜ਼ਾਂ ਦੀ ਦੇਖਭਾਲ, ਇਲਾਜ ਦੀ ਉਪਲਬਧਤਾ ਅਤੇ ਰੋਕਥਾਮ ਸਬੰਧੀ ਉਪਰਾਲਿਆਂ ਦੀ ਸਮੀਖਿਆ ਕੀਤੀ ਗਈ। ਡਾ. ਹਰਸ਼ਰਨ ਕੌਰ ਨੇ ਹਸਪਤਾਲ ਪ੍ਰਬੰਧਨ ਨੂੰ ਹਦਾਇਤ ਕੀਤੀ ਕਿ ਸ਼ੱਕੀ ਮਰੀਜ਼ਾਂ ਦੀ ਤੁਰੰਤ ਜਾਂਚ, ਸਮੇਂ ਸਿਰ ਇਲਾਜ ਤੇ ਲੋੜ ਪੈਣ ’ਤੇ ਸੈਂਪਲ ਲੈ ਕੇ ਲੈਬ ਜਾਂਚ ਯਕੀਨੀ ਬਣਾਈ ਜਾਵੇ। ਇਸ ਦੇ ਨਾਲ-ਨਾਲ ਪ੍ਰਭਾਵਿਤ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਗੁਣਵੱਤਾ, ਸਫ਼ਾਈ ਤੇ ਜਾਗਰੂਕਤਾ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸਿਹਤ ਵਿਭਾਗ ਵਲੋਂ ਸਥਿਤੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਪ੍ਰਭਾਵਿਤ ਖੇਤਰਾਂ ਪੁਰਾਣਾ ਗੁਰਦੁਆਰਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਸਬੰਧੀ ਸਾਰੇ ਆਲ਼ੇ ਦੁਆਲੇ ਦੇ ਪ੍ਰਭਾਵਿਤ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਤ ਕੀਤਾ ਗਿਆ। ਸਿਹਤ ਕਾਮੇ ਘਰ-ਘਰ ਜਾ ਕੇ ਸਿਹਤ ਸਿੱਖਿਆ ਦੇ ਰਹੇ ਹਨ, ਜਿਸ ਸਬੰਧੀ ਸਾਰੇ ਆਲ਼ੇ ਦੁਆਲੇ ਦੇ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਗਿਆ ਖੇਤਰ ਵਿਚ ਦੂਸ਼ਿਤ ਘਰਾਂ ਤੋਂ ਪਾਣੀ ਦੇ ਸੈਂਪਲ ਇਕੱਤਰ ਕੀਤੇ ਗਏ ਜੋ ਕਿ ਕੈਮੀਕਲ ਲੈਬ ਖਰੜ ਕੇ ਭੇਜੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਪੀਲੀਆ ਆਪਣੇ ਆਪ ਵਿਚ ਕੋਈ ਵੱਖਰੀ ਬਿਮਾਰੀ ਨਹੀਂ, ਸਗੋਂ ਇਹ ਸਰੀਰ ਵਿਚ ਬਿਲੀਰੂਬਿਨ ਨਾਮਕ ਤੱਤ ਵੱਧ ਜਾਣ ਦਾ ਲੱਛਣ ਹੈ। ਵਾਇਰਲ ਹੈਪੇਟਾਈਟਸ (ਖ਼ਾਸ ਕਰਕੇ ਹੈਪੇਟਾਈਟਿਸ-ਏ ਅਤੇ ਈ), ਦੂਸ਼ਿਤ ਪਾਣੀ ਜਾਂ ਭੋਜਨ, ਜਿਗਰ ਦੀਆਂ ਬਿਮਾਰੀਆਂ ਅਤੇ ਗੰਦਗੀ ਇਸ ਦੇ ਮੁੱਖ ਕਾਰਨਾਂ ਵਿਚ ਸ਼ਾਮਲ ਹਨ। ਇਹ ਬਿਮਾਰੀ ਅਕਸਰ ਦੂਸ਼ਿਤ ਪਾਣੀ ਅਤੇ ਅਸਵੱਛ ਖਾਣ-ਪੀਣ ਰਾਹੀਂ ਫੈਲਦੀ ਹੈ। ਉਨ੍ਹਾਂ ਦੱਸਿਆ ਕਿ ਪੀਲੀਏ ਦੇ ਮੁੱਖ ਲੱਛਣ ਅੱਖਾਂ ਅਤੇ ਚਮੜੀ ਦਾ ਪੀਲਾ ਪੈ ਜਾਣਾ, ਪਿਸ਼ਾਬ ਦਾ ਗੂੜ੍ਹੇ ਰੰਗ ਦਾ ਹੋਣਾ, ਭੁੱਖ ਘੱਟ ਲੱਗਣਾ, ਬੁਖ਼ਾਰ, ਉਲਟੀਆਂ ਜਾਂ ਮਤਲੀ, ਕਮਜ਼ੋਰੀ ਅਤੇ ਥਕਾਵਟ, ਪੇਟ ਦੇ ਸੱਜੇ ਪਾਸੇ ਦਰਦ ਜਾਂ ਬੇਆਰਾਮੀ ਆਦਿ ਹਨ। ਡਾ. ਹਰਸ਼ਰਨ ਕੌਰ ਨੇ ਦੱਸਿਆ ਕਿ ਪੀਲੀਏ ਦੇ ਲੱਛਣ ਨਜ਼ਰ ਆਉਣ ‘ਤੇ ਬਿਨਾਂ ਦੇਰੀ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿਚ ਜਾਂਚ ਕਰਵਾਓ। ਡਾਕਟਰ ਦੀ ਸਲਾਹ ਅਨੁਸਾਰ ਪੂਰਾ ਇਲਾਜ ਲਵੋ, ਵੱਧ ਤੋਂ ਵੱਧ ਤਰਲ ਪਦਾਰਥ ਪੀਓ, ਪੌਸ਼ਟਿਕ ਅਤੇ ਹਲਕਾ ਭੋਜਨ ਕਰੋ ਅਤੇ ਖ਼ੁਦ ਦਵਾਈ ਲੈਣ ਤੋਂ ਬਚੋ। ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਜ਼ਿਆਦਾਤਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੀਲੀਏ ਦੇ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਜਾਂਚ ਕਰਵਾਈ ਜਾਵੇ, ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।