ਨੂਰਪੁਰ ਬੇਦੀ, 2 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਭੋਲੇਵਾਲ ਸਥਿਤ ਡੇਰਾ ਗੁਲਾਬ ਸ਼ਾਹੀ ਵਿਖੇ ਸਵਾਮੀ ਵਿਵੇਕਾਨੰਦ ਜੀ ਦੀ ਬਰਸੀ ਸਬੰਧੀ ਮੁੱਖ ਗੱਦੀਨਸ਼ੀਨ ਸਵਾਮੀ ਜਗਿਆਸਾ ਨੰਦ ਜੀ ਅਤੇ ਮੁੱਖ ਸੰਚਾਲਕ ਗੀਤਾ ਬਾਈ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੌਰਾਨ ਕਥਾ ਵਾਚਕ ਆਚਾਰੀਆ ਵਿਭੀਸ਼ਨ ਸ਼ਾਸਤਰੀ ਨੇ ਆਪਣੇ ਪ੍ਰਵਚਨਾਂ ਦੌਰਾਨ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਮਨੁੱਖ ਨੂੰ ਸੱਚ, ਧਰਮ ਅਤੇ ਭਗਤੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਬਹੁਤ ਹੀ ਕੀਮਤੀ ਹੈ ਅਤੇ ਇਸ ਨੂੰ ਪ੍ਰਭੂ ਦੀ ਭਗਤੀ, ਸੇਵਾ ਅਤੇ ਪਰਉਪਕਾਰ ਦੇ ਕਾਰਜਾਂ ਵਿਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਘਰ ਵਿਚ ਪ੍ਰਭੂ ਦਾ ਨਾਮ ਸਿਮਰਨ ਅਤੇ ਧਾਰਮਿਕ ਵਾਤਾਵਰਨ ਹੁੰਦਾ ਹੈ, ਉੱਥੇ ਹਮੇਸ਼ਾ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਦੀ ਕਿਰਪਾ ਪ੍ਰਾਪਤ ਕਰਨ ਲਈ ਮਨ ਵਿਚ ਨਿਮਰਤਾ, ਦਇਆ ਅਤੇ ਸਚਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਧਾਰਮਿਕ ਅਤੇ ਨੈਤਿਕ ਸਿੱਖਿਆ ਨਾਲ ਜੋੜਨ ਤਾਂ ਜੋ ਉਹ ਚੰਗੇ ਸੰਸਕਾਰਾਂ ਵਾਲੇ ਨਾਗਰਿਕ ਬਣ ਸਕਣ। ਕਥਾ ਦੌਰਾਨ ਭਜਨ-ਕੀਰਤਨ ਨਾਲ ਸਮੁੱਚਾ ਮਾਹੌਲ ਭਗਤੀਮਈ ਬਣਿਆ ਰਿਹਾ ਅਤੇ ਸੰਗਤਾਂ ਨੇ ਸ਼ਰਧਾ ਨਾਲ ਕਥਾ ਸਰਵਣ ਕੀਤੀ। ਸਮੂਹ ਸੰਗਤ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਮਨਜੀਤ ਸਿੰਘ, ਲਾਲ ਚੰਦ, ਦਵਿੰਦਰ ਸਿੰਘ, ਪ੍ਰਦੀਪ ਸਿੰਘ ਰਾਵੀ, ਮਨਜੀਤ ਸਿੰਘ ਜੀਤੀ, ਬਲਵੀਰ ਚੰਦ, ਪ੍ਰੇਮ ਚੰਦ, ਗਿਆਨ ਚੰਦ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।