ਪੁਰਖਾਲੀ, 2 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਪੱਤਰ ਲਿਖ ਕੇ ਘਾੜ ਇਲਾਕੇ ਦੀ ਅਹਿਮ ਸੜਕ ਨੂੰ ਚੌੜਾ ਕਰਨ ਅਤੇ ਉਸ ਦੇ ਨਿਰਮਾਣ ਦੀ ਮੰਗ ਕੀਤੀ ਗਈ ਹੈ। ਸੰਤ ਸੀਚੇਵਾਲ ਵਲੋਂ ਮੁੱਖ ਮੰਤਰੀ ਨੂੰ ਲਿਖੇ ਇਸ ਪੱਤਰ ਵਿਚ ਮੀਆਂਪੁਰ ਤੋਂ ਬਿੰਦਰਖ ਸੜਕ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਤੱਕ ਚੌੜਾ ਕਰਨ ਦਾ ਮੁੱਦ ਚੁੱਕਿਆ ਗਿਆ ਹੈ, ਜੋ ਕਿ ਗੁਰਦੁਆਰਾ ਬਿੰਦਰਖ ਸਾਹਿਬ ਨੂੰ ਜਾਣ ਵਾਲੀ ਇੱਕ ਮੁੱਖ ਲਿੰਕ ਰੋਡ ਹੈ। ਉਨ੍ਹਾਂ ਵਲੋਂ ਇਲਾਕੇ ਦੇ ਲੋਕਾਂ ਅਤੇ ਸਰਪੰਚਾਂ ਦੀ ਮੰਗ ‘ਤੇ ਕੀਤੀ ਸਿਫ਼ਾਰਸ਼ ?ਪੱਤਰ ਵਿਚ ਦੱਸਿਆ ਗਿਆ ਹੈ ਕਿ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ, ਇਲਾਕੇ ਦੇ ਨਿਵਾਸੀਆਂ ਤੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਵੀ ਇਸ ਸੜਕ ਦੇ ਨਿਰਮਾਣ ਅਤੇ ਸੜਕ ਨੂੰ ਚੌੜਾ ਕਰਨ ਲਈ ਲਈ ਇੱਕ ਮੰਗ-ਪੱਤਰ ਮੁੱਖ ਮੰਤਰੀ ਦੇ ਨਾਂਅ ਦਿੱਤਾ ਗਿਆ ਸੀ। ਸੰਤ ਸੀਚੇਵਾਲ ਨੇ ਇਸ ਮੰਗ-ਪੱਤਰ ਨੂੰ ਮੂਲ ਰੂਪ ਵਿਚ ਮੁੱਖ ਮੰਤਰੀ ਨੂੰ ਭੇਜਦਿਆਂ ਇਸ ਕਾਰਜ ਨੂੰ ਜਲਦ ਪੂਰਾ ਕਰਨ ਦੀ ਪੁਰਜ਼ੋਰ ਸਿਫ਼ਾਰਸ਼ ਕੀਤੀ ਹੈ। ? ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਲਿੰਕ ਸੜਕ ਦੀ ਮੁਰੰਮਤ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਇਹ ਕੰਮ ਅਜੇ ਤੱਕ ਪੂਰਾ ਨਾ ਹੋ ਸਕਿਆ, ਸੜਕ ‘ਤੇ ਪੱਥਰ ਪਾ ਕੇ ਲੋਕਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਹੈ। ਇਸ ਸਬੰਧ ‘ਚ ਇਲਾਕਾ ਵਾਸੀਆਂ ਵਲੋਂ ਇਹ ਮੰਗ ਉਠਾਉਣ ਲਈ ਇਲਾਕੇ ਦੀਆਂ ਹਲਕਾ ਵਿਧਾਇਕ ਦਿਨੇਸ਼ ਚੱਢਾ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਉਕਤ ਸੜਕ ਨੂੰ ਜਲਦੀ ਤੋਂ ਜਲਦੀ ਚੌੜਾ ਤੇ ਪੱਕਾ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਇਸ ਸੜਕ ਦੇ ਚੌੜਾ ਹੋਣ ਨਾਲ ਜਿੱਥੇ ਇਲਾਕੇ ਦਾ ਸਿੱਧਾ ਸੰਪਰਕ ਚੰਡੀਗੜ੍ਹ ਨਾਲ ਜੁੜ ਜਾਵੇਗਾ ਉਥੇ ਹੀ ਸੜਕ ਦੇ ਨਿਰਮਾਣ ਨਾਲ ਗੁਰਦੁਆਰਾ ਸਾਹਿਬ ਬਿੰਦਰਖ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ।